fbpx

ਕੱਲ ਰਿਲੀਜ਼ ਹੋਵੇਗੀ ‘ਝੱਲੇ’, ਜਾਣੋ ਕੀ ਹੋਵੇਗਾ ਖਾਸ

Posted on November 14th, 2019 in Article

ਬੀਨੂੰ ਢਿੱਲੋਂ ਪੰਜਾਬੀ ਸਿਨੇਮੇ ਦਾ ਅਜਿਹਾ ਅਦਾਕਾਰ ਹੈ ਜੋ ਹਰ ਦਰਸ਼ਕ ਦੇ ਚਿਹਰੇ ‘ਤੇ ਮੁਸਕਾਨ ਲਿਆ ਦਿੰਦਾ ਹੈ। ਆਪਣੀਆਂ ਫਿਲਮਾਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਵਾਲਾ ਇਹ ਅਦਾਕਾਰ ਆਉਂਦੇ ਸ਼ੁੱਕਰਵਾਰ ਆਪਣੀ ਨਵੀਂ ਫ਼ਿਲਮ ‘ਝੱਲੇ’ ਨਾਲ ਮੁੜ ਸੁਨਾਹਿਰੀ ਪਰਦੇ ‘ਤੇ ਦਸਤਕ ਦੇਣ ਆ ਰਿਹਾ ਹੈ। ਪੰਜਾਬੀ ਫਿਲਮ ‘ਕਾਲਾ ਸ਼ਾਹ ਕਾਲਾ’ ਦੀ ਸਫ਼ਲਤਾ ਤੋਂ ਬਾਅਦ ਬੀਨੂੰ ਢਿੱਲੋਂ ਤੇ ਖੂਬਸੂਰਤ ਅਦਾਕਾਰਾ ਸਰਗੁਣ ਮਹਿਤਾ ਦੀ ਜੋੜੀ ਇਕ ਵਾਰ ਫਿਰ ਇਸ ਫ਼ਿਲਮ ਜ਼ਰੀਏ ਵੱਡੇ ਪਰਦੇ ‘ਤੇ ਧਮਾਲ ਮਚਾਏਗੀ। 15 ਨਵੰਬਰ ਨੂੰ ਦੁਨੀਆਂ ਭਰ ਵਿੱਚ ਰਿਲੀਜ਼ ਹੋ ਰਹੀ ਇਸ ਫ਼ਿਲਮ ਨੂੰ ਅਮਰਜੀਤ ਸਿੰਘ ਸਰਾਂ ਨੇ ਨਿਰਦੇਸ਼ਤ ਕੀਤਾ ਹੈ। ‘ਕਾਲਾ ਸ਼ਾਹ ਕਾਲਾ’ ਤੋਂ ਬਾਅਦ ਬਤੌਰ ਨਿਰਦੇਸ਼ਕ ਉਸਦੀ ਇਹ ਦੂਜੀ ਫਿਲਮ ਹੈ। ਇਸ ਫਿਲਮ ਦੀ ਕਹਾਣੀ ਅਤੇ ਸਕਰੀਨਪਲੇ ਵੀ ਖੁਦ ਅਮਰਜੀਤ ਸਿੰਘ ਨੇ ਹੀ ਲਿਖਿਆ ਹੈ। ਜਦਕਿ ਫ਼ਿਲਮ ਦੇ ਡਾਇਲਾਗ ਲਿਖਣ ਦੀ ਜ਼ਿੰਮੇਵਾਰੀ ਰਾਕੇਸ਼ ਧਵਨ ਨੇ ਨਿਭਾਈ ਹੈ। ਇਸ ਫ਼ਿਲਮ ‘ਚ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਦੇ ਨਾਲ ਬਨਿੰਦਰ ਬਨੀ, ਜਤਿੰਦਰ ਕੌਰ, ਪਵਨ ਮਲਹੋਤਰਾ, ਹਾਰਬੀ ਸੰਘਾ ਅਤੇ ਗੁਰਿੰਦਰ ਡਿੰਪੀ ਨੇ ਅਹਿਮ ਭੂਮਿਕਾ ਨਿਭਾਈ ਹੈ।


ਇੰਗਲੈਂਡ ਦੀਆਂ ਖੂਬਸੂਰਤ ਲੋਕੇਸ਼ਨਾਂ ‘ਤੇ ਫਿਲਮਾਈ ਗਈ ਇਹ ਫ਼ਿਲਮ ਬੀਨੂੰ ਢਿੱਲੋਂ ਦੀਆਂ ਪਹਿਲੀਆਂ ਫਿਲਮਾਂ ਨਾਲੋਂ ਬਿਲਕੁਲ ਵੱਖਰੇ ਤਰ•ਾਂ ਦੀ ਫਿਲਮ ਹੈ। ਫਿਲਮ ਦੇ ਟ੍ਰੇਲਰ ਤੋਂ ਇਹ ਸਾਫ਼ ਝਲਕ ਰਿਹਾ ਹੈ ਕਿ ਇਹ ਅਜਿਹੇ ਕੁੜੀ ਅਤੇ ਮੁੰਡੇ ਦੀ ਕਹਾਣੀ ਹੈ ਜੋ ਆਮ ਲੋਕਾਂ ਨਾਲ ਵੱਖਰੇ ਹਨ। ਆਪਣੀ ਹੀ ਦੁਨੀਆਂ ਵਿੱਚ ਰਹਿਣ ਵਾਲੇ ਅਜਿਹੇ ਲੋਕਾਂ ਨੂੰ ਦੁਨੀਆਂ ਝੱਲੇ, ਪਾਗਲ ਸਮਝਦੀ ਹੈ।  ਫ਼ਿਲਮ ਵਿੱਚ ਦਿਖਾਇਆ ਗਿਆ ਹੈ ਕਿ ਫਿਲਮ ਦੀ ਨਾਇਕਾ ਦਾ ਬਾਪ ਆਪਣੀ ਧੀਅ ਲਈ ਰਿਸ਼ਤਾ ਲੱਭ ਰਿਹਾ ਹੈ। ਉਸਦੀ ਧੀਅ ਆਮ ਕੁੜੀਆਂ ਵਰਗੀ ਨਹੀਂ ਹੈ ਬਲਕਿ ਉਹ ਮਾਨਸਿਕ ਤੌਰ ‘ਤੇ ਸਭ ਨਾਲੋਂ ਵੱਖਰੀ ਹੈ। ਲੋਕ ਉਸਨੂੰ ਪਾਗਲ ਤੱਕ ਕਹਿੰਦੇ ਹਨ। ਉਸਦੇ ਬਾਪ ਨੂੰ ਆਪਣੀ ਇਸ ਧੀਅ ਲਈ ਯੋਗ ਮੁੰਡਾ ਨਹੀਂ ਲਭ ਰਿਹਾ ਹੈ।

ਕਹਿੰਦੇ ਹਨ ਰੱਬ ਨੇ ਹਰ ਬੰਦੇ ਲਈ ਕੋਈ ਨਾ ਕੋਈ ਜ਼ਰੂਰ ਬਣਾਇਆ ਹੈ। ਫਿਲਮ ਦਾ ਨਾਇਕ ਬੀਨੂੰ ਢਿੱਲੋਂ ਵੀ ਉਸੇ ਵਰਗਾ ਹੀ ਹੈ। ਹਾਣ ਨੂੰ ਹਾਣੀ ਮਿਲਦੇ ਹਨ ਪਰ ਕਿਵੇਂ ਇਹ ਦੇਖਣਾ ਬੇਹੱਦ ਦਿਲਚਸਪ ਹੈ। ਫ਼ਿਲਮ ‘ਚ ਕਾਮੇਡੀ ਵੀ ਹੈ, ਡਰਾਮਾ ਵੀ ਹੈ ਤੇ ਥੋੜਾ ਥ੍ਰਿਲ ਵੀ ਹੈ।  ਕਾਮੇਡੀ ਥ੍ਰਿਲ ਪਹਿਲੀ ਵਾਰ ਕਿਸੇ ਪੰਜਾਬੀ ਫਿਲਮ ਵਿੱਚ ਦੇਖਣ ਨੂੰ ਮਿਲੇਗਾ। ਇਸ ਫ਼ਿਲਮ ਦੇ ਨਿਰਮਾਤਾ ਵੀ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਖੁਦ ਹਨ।  ਸਰਗੁਣ ਮਹਿਤਾ ਮੁਤਾਬਕ ਸਭ ਜਾਣਦੇ ਹਨ ਕਿ ਉਹ ਸਾਲ ‘ਚ ਗਿਣੀਆਂ ਚੁਣੀਆਂ ਫਿਲਮਾਂ ਹੀ ਕਰਦੀ ਹੈ। ਇਸ ਫਿਲਮ ਦੀ ਕਹਾਣੀ ਉਸ ਨੂੰ ਏਨੀ ਪਸੰਦ ਆਈ ਕਿ ਉਸਨੇ ਇਸ ਫ਼ਿਲਮ ਨੂੰ ਬੀਨੂੰ ਢਿੱਲੋਂ ਨਾਲ ਮਿਲਕੇ ਆਪਣੇ ਪ੍ਰੋਡਕਸ਼ਨ ਹਾਊਸ ਵਿੱਚ ਬਣਾਉਣ ਦਾ ਫ਼ੈਸਲਾ ਲਿਆ। ਉਸ ਮੁਤਾਬਕ ਫਿਲਮ ਦੇ ਟ੍ਰੇਲਰ ਨੂੰ ਹਰ ਪਾਸਿਓਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਏਨਾ ਹੀ ਨਹੀਂ ਫਿਲਮ ਦੇ ਗੀਤ ਵੀ ਲੋਕਾਂ ਦੀ ਜ਼ੁਬਾਨ ‘ਤੇ ਚੜ• ਚੁੱਕੇ ਹਨ। ਉਸ ਨੂੰ ਪੂਰਾ ਭਰੋਸਾ ਹੈ ਕਿ ਉਸ ਦੀ ਚੁਆਇਸ ਦਰਸ਼ਕਾਂ ਨੂੰ ਵੀ ਪਸੰਦ ਆਵੇਗੀ। ਇਹ ਫਿਲਮ ਸੁਮੱਚੇ ਪਰਿਵਾਰ ਦੇ ਦੇਖਣ ਵਾਲੀ ਹੈ। ਉਸ ਨੂੰ ਪੂਰਾ ਯਕੀਨ ਹੈ ਕਿ ਪੰਜਾਬੀ ਦਰਸ਼ਕ ਇਸ ਫ਼ਿਲਮ ਦਾ ਆਪਣੇ ਪਰਿਵਾਰਾਂ ਸਮੇਤ ਆਨੰਦ ਲੈਣਗੇ। ਫ਼ਿਲਮ ਦਾ ਹਰ ਇਕ ਸੀਨ• ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਦਾ ਦਮ ਰੱਖਦਾ ਹੈ।
-ਬਲਜਿੰਦਰ ਸਿੰਘ ਉਪਲ

Comments & Feedback