ਪੰਜਾਬੀ ਸਿਨੇਮਾ ਹੁਣ ਸਮਾਜ ਨਾਲ ਜੁੜੀਆਂ ਕਹਾਣੀਆਂ, ਘਟਨਾਵਾਂ ਤੇ ਸੱਚਾਈਆਂ ਨੂੰ ਪਰਦੇ ‘ਤੇ ਉਭਾਰਨ ਲੱਗਾ ਹੈ। ਪੰਜਾਬੀ ਫਿਲਮ ‘ਗਿੱਦੜਸਿੰਘੀ’ ਇਸ ਗੱਲ ਦੀ ਉਦਾਹਰਣ ਬਣਕੇ ਉਭਰੇਗੀ। ਇਸ ਫਿਲਮ ਦਾ ਟ੍ਰੇਲਰ ਦੱਸਦਾ ਹੈ ਕਿ ਇਹ ਫਿਲਮ ਬੇਹੱਦ ਰੌਚਿਕ ਤੇ ਪੰਜਾਬੀ ਸਮਾਜ ਨਾਲ ਜੁੜੀ ਹੋਈ ਫਿਲਮ ਹੈ। ਇਹ ਫਿਲਮ ਕਿਸਮਤ ਦੇ ਆਸਰੇ ਬੈਠਣ ਨਾਲੋਂ ਮਿਹਨਤ ਕਰਨ ਲਈ ਪ੍ਰੇਰਿਤ ਕਰੇਗੀ। 29 ਨਵੰਬਰ ਨੂੰ ਕੌਮਾਂਤਰੀ ਪੱਧਰ ‘ਤੇ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਨੂੰ ਵਿਪਨ ਪ੍ਰਾਸ਼ਰ ਨੇ ਨਿਰਦੇਸ਼ਤ ਕੀਤਾ ਹੈ। ਪੰਜਾਬੀ ਫਿਲਮ ‘ਸਾਡੇ ਸੀਐਮ ਸਾਹਬ’ ਤੋਂ ਬਾਅਦ ਉਨ•ਾਂ ਦੀ ਇਹ ਦੂਜੀ ਪੰਜਾਬੀ ਫਿਲਮ ਹੋਵੇਗੀ। ‘ਡੀ੍ਰਮਸਪਾਰਕ ਮੂਵੀਜ਼’ ਦੀ ਇਸ ਫਿਲਮ ਦੇ ਨਿਰਮਾਤਾ ਅਭਿਸ਼ੇਕ ਤਿਆਗੀ ਹਨ। ਖੂਬਸੂਰਤ ਕਹਾਣੀ ਤੇ ਦਿਲ ਟੁੰਬਵੇਂ ਸੰਗੀਤ ਵਾਲੀ ਇਸ ਫਿਲਮ ਵਿੱਚ ਨੌਜਵਾਨ ਪੰਜਾਬੀ ਗਾਇਕ ਜੌਰਡਨ ਸੰਧੂ ਤੇ ਰੁਬੀਨਾ ਬਾਜਵਾ ਦੀ ਜੋੜੀ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਪੰਜਾਬੀ ਗਾਇਕ ਰਵਿੰਦਰ ਗਰੇਵਾਲ, ਕਰਨ ਮਹਿਤਾ ਅਤੇ ਸਾਨਵੀ ਧੀਮਾਨ ਫ਼ਿਲਮ ਦੇ ਅਹਿਮ ਧੁਰੇ ਹਨ। ਇਨ•ਾਂ ਤੋਂ ਇਲਾਵਾ ਦਿੱਗਜ ਅਦਾਕਾਰ ਮਲਕੀਤ ਰੌਣੀ, ਗੁਰਮੀਤ ਸਾਜਨ, ਵਿਜੇ ਟੰਡਨ, ਪ੍ਰਿੰਸ ਕੰਵਲਜੀਤ ਸਿੰਘ ਅਤੇ ਸੀਮਾ ਕੌਸ਼ਲ ਵੀ ਦਮਦਾਰ ਅਦਾਕਾਰੀ ਕਰਦੇ ਨਜ਼ਰ ਆਉਂਣਗੇ।
ਇਹ ਫ਼ਿਲਮ ਦੋ ਗਾਇਕਾਂ ਦੀ ਜ਼ਿੰਦਗੀ ਦੁਆਲੇ ਘੁੰਮਦੀ ਹੈ। ਜਿਨ•ਾਂ ਵਿੱਚੋਂ ਇਕ ਗਾਇਕ ਬੇਹੱਦ ਮਿਹਨਤ ਨਾਲ ਇਕ ਗੀਤ ਰਿਕਾਰਡ ਕਰਵਾਉਂਦਾ ਹੈ ਪਰ ਦੂਜਾ ਗਾਇਕ ਬੜੀ ਸ਼ੈਤਾਨੀ ਨਾਲ ਉਸ ਨੂੰ ਚੋਰੀ ਕਰਕੇ ਆਪਣੇ ਨਾਂ ਹੇਠ ਮਾਰਕੀਟ ਵਿੱਚ ਰਿਲੀਜ਼ ਕਰ ਦਿੰਦਾ ਹੈ। ਇਹ ਫਿਲਮ ਪੰਜਾਬੀ ਸੰਗੀਤ ਜਗਤ ਦੇ ਕਈ ਪਾਜ ਉਧੇੜਦੀ ਹੋਈ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਇਹ ਫਿਲਮ ਇਹ ਸੁਨੇਹਾ ਵੀ ਦੇਵੇਗੀ ਕਿ ਬੰਦਾ ਮਿਹਨਤ ਕਰਕੇ ਫਰਸ਼ ਤੋਂ ਅਰਸ਼ ਤੱਕ ਪਹੁੰਚ ਸਕਦਾ ਹੈ ਪਰ ਕਿਸਮਤ ਦੇ ਆਸਰੇ ਬੈਠ ਲੋਕ ਕਦੇ ਜ਼ਿੰਦਗੀ ਵਿੱਚ ਅੱਗੇ ਨਹੀਂ ਵੱਧ ਪਾਉਂਦੇ। ਫਿਲਮ ਜ਼ਰੀਏ ਵਹਿਮਾਂ ਭਰਮਾਂ ‘ਤੇ ਵੀ ਕਟਾਕਸ਼ ਕੀਤਾ ਗਿਆ ਹੈ। ਪੰਜਾਬੀ ਸਿਨੇਮੇ ਦੇ ਹੋਣਹਾਰ ਤੇ ਮਾਣਮੱਤੇ ਕਲਾਕਾਰਾਂ ਨਾਲ ਸਜੀ ਇਸ ਫਿਲਮ ਦੇ ਗੀਤ ਵੀ ਦਰਸ਼ਕਾਂ ਦੀ ਜ਼ੁਬਾਨ ‘ਤੇ ਚੜ• ਰਹੇ ਹਨ। ਫਿਲਮ ਦੇ ਗੀਤਾਂ ਨੂੰ ਜੌਰਡਨ ਸੰਧੂ, ਹਿੰਮਤ ਸੰਧੂ ਅਤੇ ਗੈਰੀ ਬਾਵਾ ਨੇ ਆਵਾਜ਼ ਦਿੱਤੀ ਹੈ। ਇਹ ਗੀਤ ਬੰਟੀ ਬੈਂਸ ਅਤੇ ਸੋਨੀ ਠੁੱਲੇਵਾਲ ਨੇ ਲਿਖੇ ਹਨ। ਫਿਲਮ ਦਾ ਸੰਗੀਤ ਦੇਸ੍ਰੀ ਕ੍ਰਿਊ, ਦਾ ਬੌਸ ਅਤੇ ਡੈਵੀ ਸਿੰਘ ਨੇ ਤਿਆਰ ਕੀਤਾ ਹੈ। ਫਿਲਮ ਦੇ ਟ੍ਰੇਲਰ ਅਤੇ ਗੀਤਾਂ ਨੂੰ ਮਿਲ ਰਹੇ ਸ਼ਾਨਦਾਰ ਹੁੰਗਾਰੇ ਤੋਂ ਲੱਗਦਾ ਹੈ ਕਿ ਇਹ ਫ਼ਿਲਮ ਟਿਕਟ ਖਿੜਕੀ ‘ਤੇ ਜ਼ਰੂਰ ਆਪਣਾ ਕਮਾਲ ਦਿਖਾਏਗੀ।
in Article