ਉੱਤਰਾਖੰਡ ਦਾ ਸ਼ਹਿਰ ਹੈ ਰੁਦਰਪੁਰ। ਸ਼ਹਿਰ ਨਾਲ ਲਗਦਾ ਕਸਬਾ ਨਾਨਕਮਤਾ। ਉੱਥੇ ਉਹ ਇਕ ਜੱਟ ਸਿੱਖ ਪਰਿਵਾਰ ਵਿੱਚ ਪੈਦਾ ਹੋਈ। ਮੁੰਢਲੀ ਪੜ੍ਹਾਈ ਰੁਦਰਪੁਰ ਤੋਂ ਕੀਤੀ।ਹਾਇਰ ਸਟੱਡੀ ਦਿੱਲੀ ਯੁਨੀਵਰਸਿਟੀ ‘ਚ ਹੋਈ।ਏਅਰ ਹੋਸਟਸ ਬਣੀ ਪਰ ਨੌਕਰੀ ਛੱਡ ਦਿੱਤੀ।ਮੌਡਲਿੰਗ ਕਰਨ ਲੱਗੀ। ਮਿਸ ਇੰਡੀਆ ਫੈਮਿਨਾਂ ਬਿਊਟੀ ਕੰਟੈਸਟ ‘ਚ ਭਾਗ ਲਿਆ।ਫ਼ਾਈਨਲ ਤੱਕ ਗਈ ।ਫ਼ਰਾਰ ਖਾਂਨ ਨੇ ਉਹਦਾ ਨਾਮ ਹੈਪੀ ਨਿਊ ਯੀਅਰ ਹਿੰਦੀ ਫਿਲਮ ਲਈ ਸ਼ਾਹਰੁਖ ਨਾਲ ਹੀਰੋਇਨ ਵਾਸਤੇ ਚੁਣਿਆ ਪਰ ਗੱਲ ਸਿਰੇ ਨਾਂ ਚੜ੍ਹੀ
2013 ਵਿੱਚ ਇਕ ਤਮਿਲ ਫਿਲਮ ਕਰਨ ਤੋਂ ਬਾਦ ਪੰਜਾਬੀ ਸਿਨਮੇ ਦਾ ਰੁਖ ਕੀਤਾ। ਬੈਸਟ ਆਫ ਲੱਕ ਉਹਦੀ ਪਲੇਠੀ ਫਿਲਮ ਸੀ ਅਤੇ ਪੰਜਾਬ 1984 ਦੂਜੀ।ਦੋਵੇਂ ਫਿਲਮਾਂ ਦੋ ਵੱਡੇ ਨਾਂਅ ਵਾਲੇ ਕਲਾਕਾਰਾਂ ਨਾਲ। ਇਕ ਵਿੱਚ ਗਿੱਪੀ ਤੇ ਦੂਜੀ ‘ਚ ਦਿਲਜੀਤ। ਦੋਹਾਂ ‘ਚ ਉਹਦਾ ਰੋਲ ਬੱਸ ਖਾਨਾ ਪੂਰਤੀ ਪਰ ਪੰਜਾਬ 1984 ਵਿਚ ਛੋਟੇ ਜਿਹੇ ਰੋਲ ਨਾਲ ਪ੍ਰਭਾਵ ਛੱਡਣ ਵਿੱਚ ਸਫਲ ਰਹੀ। ਪਰ ਅਸਲੀ ਪਛਾਂਣ ਨਿੱਕਾ ਜ਼ੈਲਦਾਰ ਨਾਲ ਮਿਲੀ। ਉਸ ਤੋਂ ਬਾਦ ਮੰਜੇ ਬਿਸਤਰੇ, ਨਿੱਕਾ ਜ਼ੈਲਦਾਰ 2, ਸੁਪਰ ਸਿੰਘ, ਕੈਰੀ ਆਂਨ ਜੱਟਾ 2 ਦੀ ਸਫਲਤਾ ਨਾਲ ਉਸਦੀ ਅਦਾਕਾਰੀ ਦੀ ਗੱਡੀ ਸਰਪੱਟ ਦੌੜਨ ਲੱਗ ਪਈ।
ਅੱਜ ਤੱਕ ਪੰਜਾਬੀ ਵਿੱਚ ਬਹੁਗਿਣਤੀ ਫਿਲਮਾਂ ਹੀਰੋ ਪ੍ਰਧਾਂਨ ਰਹੀਆਂ ਹਨ। ਹੀਰੋਇਨ ਦੇ ਕਰਨ ਲਈ ਕੁਛ ਖ਼ਾਸ ਨੀ ਹੁੰਦਾ।ਮਹਿਜ਼ ਸ਼ੋਅਪੀਸ ਦੇ ਤੌਰ ਤੇ ਹੀ ਰਹੀ ਹੈ ਹੀਰੋਇਨ। ਪਰ ਸੋਨਮ ਨੇ ਪਿਛਲੇ ਮਹੀਨਿਆਂ ਵਿੱਚ ਦੋ ਫਿਲਮਾਂ ਗੁੱਡੀਆਂ ਪਟੋਲੇ ਅਤੇ ਅੜਬ ਮੁਟਿਆਰਾਂ ਅਜਿਹੀਆਂ ਕੀਤੀਆਂ ਜਿਹਨਾਂ ਨਾਲ ਪੰਜਾਬੀ ਫਿਲਮਾਂ ਦਾ ਟਰੈਂਡ ਹੀ ਬਦਲ ਗਿਆ।ਪਹਿਲੀ ਵਾਰ ਲੱਗਾ ਕਿ ਪੰਜਾਬੀ ਹੀਰੋਇਨ ਵੀ ਦਬੰਗ ਹੋ ਸਕਦੀ ਹੈ। ਉਸਦੇ ਦਮ ਤੇ ਵੀ ਫਿਲਮ ਚੱਲ ਸਕਦੀ ਹੈ। ਸਾਡੀ ਹੀਰੋਇਨ ਹੁਣ ਚੁੱਲ੍ਹਾ ਚੌਂਕਾ ਸਾਂਭਣ ਵਾਲੀ ਛੂਹ ਮੂਈ ਨਹੀ ਬਲਕਿ ਬੋਲਡ ਕੁੜੀ ਹੋ ਗਈ ਹੈ। ਇਹਨਾਂ ਦੋ ਫਿਲਮਾਂ ਵਿੱਚ ਉਸਨੇ ਅਦਾਕਾਰੀ ਵੱਟ ਕੱਢ ਛੱਡੇ। ਗੁੱਡੀਆਂ ਪਟੋਲੇ ਵਿਚਲੀ ਵਿਗੜੀ ਹੋਈ ਕੁੜੀ ਕੈਸ਼ ਨੂੰ ਜਿਸ ਤਰਾਂ ਉਸਨੇ ਪਰਦੇ ਉੱਤੇ ਰੂਪਮਾਂਨ ਕੀਤਾ ਉਹ ਦੇਖਦੇ ਹੀ ਬਣਦਾ ਸੀ। ਅੜਬ ਮੁਟਿਆਰਾਂ ਵਿਚਲੀ ਠੇਠ ਮਝੈਲਾਂ ਦੀ ਬੋਲਦੀ ਡਾਂਗ ਸੋਟਾ ਚਲਾਂਉਦੀ ਅੜਬ ਬੱਬੂ ਬੈਂਸ ਜਲਦੀ ਕੀਤੇ ਕਿਸੇ ਨੂੰ ਨਹੀ ਭੁਲਣੀ। ਸਿੱਮੀ ਚਾਹਲ ਵਾਂਗ ਉਸਦਾ ਪੰਜਾਬੀ ਉਚਾਰਨ ਵੀ ਠੇਠ ਪੰਜਾਬੀ ਹੈ। ਪਰ ਪੰਜਾਬੀ ਫਿਲਮ ਇੰਡੱਸਟਰੀ ਵਿੱਚ ਸੱਭ ਤੋਂ ਬੋਲਡ ਹੀਰੋਇਨ ਜੇ ਕੋਈ ਹੈ ਤਾਂ ਉਹ ਬੱਸ ਉਹ ਹੀ ਹੈ।
ਸਿੰਮੀ ਚਾਹਲ ਵਾਂਗ ਉਸਨੂੰ ਵੀ ਮੇਰੀ ਸਲਾਹ ਹੈ ਕਿ ਉਹ ਪੱਬ ਜ਼ਰਾ ਸੰਭਲ਼ ਕੇ ਧਰੇ। ਸਿੰਘਮ, ਜ਼ਿੰਦੇ ਮੇਰੀਏ,ਸਰਦਾਰ ਜੀ 2 ਵਰਗੀਆਂ ਫਿਲਮਾਂ ਤੋਂ ਪਰਾਂਹ ਹੋਕੇ ਲੰਘੇ। ਕੋਈ ਫਿਲਮ ਸਿਰਫ ਇਸ ਲਈ ਨਾਂ ਕਰੇ ਕਿ ਉਸ ਵਿੱਚ ਹੀਰੋ ਵੱਡੇ ਨਾਂਅ ਵਾਲਾ ਹੈ ਜਾ ਪ੍ਰੋਜੈਕਟ ਵੱਡਾ ਹੈ।ਵੈਸੇ ਆਸ ਹੈ ਹੁਣ ਉਸਨੂੰ ਹੀਰੋਇਨ ਪ੍ਰਧਾਂਨ ਹੋਰ ਵੀ ਪ੍ਰੋਜੈਕਟ ਮਿਲਣਗੇ ਜਿਹਨਾਂ ਚ ਉਹ ਹੋਰ ਵੀ ਵੱਖਰੀ ਤਰਾਂ ਪੇਸ਼ ਹੋਵੇਗੀ। ਅਸੀ ਕਮਨਾਂ ਕਰਦੇ ਹਾਂ ਉਹ ਭਵਿੱਖ ਵਿੱਚ ਹੋਰ ਬੁਲੰਦੀਆਂ ਹਾਸਿਲ ਕਰੇ।
ਵੈਸੇ ਉਹ ਹੈ ਕੌਣ ?
ਜੀ ਹਾਂ ਸੋਨਮ ਬਾਜਵਾ
ਲੇਖਕ :ਮਸਤਾਨ ਸਿੰਘ ਪਾਬਲਾ