11 ਸਾਲਾਂ ਬਾਅਦ ਮੁੜ ਪਰਦੇ ‘ਤੇ ਨਜ਼ਰ ਆਵੇਗੀ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਜੋੜੀ

ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕ ਸਟਾਰ ਯਾਨੀ ਗਿੱਪੀ ਗਰੇਵਾਲ ਅਤੇ ਪਾਲੀਵੁੱਡ ਕੁਈਨ ਨੀਰੂ ਬਾਜਵਾ ਦੀ ਜੋੜੀ ਕਰੀਬ 11 ਸਾਲਾਂ ਬਾਅਦ ਮੁੜ ਪਰਦੇ ‘ਤੇ ਨਜ਼ਰ ਆਵੇਗੀ। ਦੋਵੇਂ ਇਸ ਤੋਂ ਪਹਿਲਾਂ ਸਾਲ 29 ਜੁਲਾਈ 2011 ਨੂੰ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਜੀਹਨੇ ਮੇਰਾ ਦਿਲ ਲੁੱਟਿਆ’ ਵਿੱਚ ਨਜ਼ਰ ਆਏ ਸਨ। ਹੁਣ ਦੋਵਾਂ ਨੇ ਇੱਕਠਿਆਂ ਹਾਲਹਿ ਵਿੱਚ ਪੰਜਾਬੀ ਫ਼ਿਲਮ ‘ਪਾਣੀ ‘ਚ ਮਧਾਣੀ’ ਸਾਈਨ ਕੀਤੀ ਹੈ। ਸਾਲ 2021 ਦੇ ਵਿੱਚ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਨੈਸ਼ਨਲ ਐਵਾਰਡ ਜੇਤੂ ਫ਼ਿਲਮ ‘ਹਰਜੀਤਾ’ ਦੇ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਇਸ ਫ਼ਿਲਮ ਨੂੰ ਨਿਰਦੇਸ਼ਤ ਕਰਨਗੇ।
‘ਦਾਰਾ ਫ਼ਿਲਮਸ ਇੰਟਰਟੇਨਮੈਂਟ’ ਦੇ ਬੈਨਰ ਹੇਠ ਬਣਨ ਜਾ ਰਹੀ ਇਸ ਫ਼ਿਲਮ ਦੇ ਨਿਰਮਾਤਾ ਮਨੀ ਧਾਲੀਵਾਲ, ਸਨੀ ਰਾਜ ਅਤੇ ਡਾ ਪ੍ਰਭਜੋਤ ਸਿੰਘ ਸਿੱਧੂ ਹਨ। ਫ਼ਿਲਮ ਦੇ ਐਗਜੀਕਿਊਟਵ ਨਿਰਮਾਤਾ ਗੁਰਪ੍ਰੀਤ ਸਿੰਘ ਗੋਗਾ ਹਨ। ਇਸ ਫ਼ਿਲਮ ਦੀ ਸ਼ੂਟਿੰਗ ਛੇਤੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਗਿੱਪੀ ਅਤੇ ਨੀਰੂ ਬਾਜਵਾ ਤੋਂ ਇਲਾਵਾ ਫ਼ਿਲਮ ਦੇ ਬਾਕੀ ਅਹਿਮ ਕਲਾਕਾਰਾਂ ਵਿੱਚ ਰਾਣਾ ਰਣਬੀਰ, ਕਰਮਜੀਤ ਅਨਮੋਲ, ਹਾਰਬੀ ਸੰਘਾ, ਰੁਪਿੰਦਰ ਰੂਪੀ ਅਤੇ ਮਲਕੀਤ ਰੌਣੀ ਦਾ ਨਾਂ ਅਹਿਮ ਹੈ। ਫ਼ਿਲਮ ‘ਚ ਇਨ•ਾਂ ਤੋਂ ਇਲਾਵਾ ਦਰਜਨ ਦੇ ਨੇੜੇ ਹੋਰ ਕਲਾਕਾਰ ਵੀ ਨਜ਼ਰ ਆਉਂਣਗੇ। ਕਾਮੇਡੀ ਡਰਾਮਾ ਜੋਨਰ ਦੀ ਇਸ ਫ਼ਿਲਮ ਦੀ ਕਹਾਣੀ ਬਾਰੇ ਤੁਸੀਂ ਇਸ ਦੇ ਪੋਸਟਰ ਤੋਂ ਅੰਦਾਜ਼ਾ ਲਗਾ ਸਕਦੇ ਹੋ।
ਦੱਸ ਦਈਏ ਕਿ ਮਨਦੀਪ ਸਿੰਘ ਵੱਲੋਂ ਨਿਰਦੇਸ਼ਤ ਕੀਤੀ ‘ਜੀਹਨੇ ਮੇਰਾ ਦਿਲ ਲੁੱਟਿਆ’ ਆਖਰੀ ਫਿਲ਼ਮ ਸੀ ਜਿਸ ‘ਚ ਗਿੱਪੀ ਗਰੇਵਾਲ, ਨੀਰੂ ਬਾਜਵਾ ਤੇ ਦਿਲਜੀਤ ਦੁਸਾਂਝ ਇੱਕਠੇ ਨਜ਼ਰ ਆਏ ਸਨ। ਹੁਣ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਇਸ ਫ਼ਿਲਮ ਜ਼ਰੀਏ ਮੁੜ ਦਰਸ਼ਕਾਂ ਦਾ ਦਿਲ ਜਿੱਤਣਗੇ।
Comments & Feedback