ਸਾਹਿਤ ਤੇ ਸੱਭਿਆਰਚਾਰ ਵਿੱਚ ਨੂੰਹ-ਸੱਸ ਦੇ ਰਿਸ਼ਤੇ ਨੂੰ ਲੈ ਕੇ ਅਨੇਕਾਂ ਲੋਕ ਬੋਲੀਆਂ ਤੇ ਕਹਾਣੀਆਂ ਪ੍ਰਚੱਲਤ ਹਨ। ਨੂੰਹ-ਸੱਸ ਵਿੱਚ ਭਾਵੇਂ ਕਿੰਨ੍ਹਾ ਵੀ ਪਿਆਰ ਕਿਉਂ ਨਾ ਹੋਵੇ ਪਰ ਸਾਡਾ ਸਮਾਜ ਇਸ ਰਿਸ਼ਤੇ ਨੂੰ ਹਮੇਸ਼ਾ ਹੀ ਇੱਕ ਵੱਖਰੇ ਨਜ਼ਰੀਏ ਨਾਲ ਵੇਖਦਾ ਹੈ। ਇਸੇ ਰਿਸ਼ਤੇ ਦੇ ਕੌੜੇ-ਮਿੱਠੇ ਪਲਾਂ ਨੂੰ ਪਰਦੇ ਤੇ ਪੇਸ਼ ਕਰਦੀ ਇਹ ਫ਼ਿਲਮ ‘ਨੀਂ ਮੈਂ ਸੱਸ ਕੁੱਟਣੀ’ 29ਅਪੈਲ ਨੂੰ ਦੁਨੀਆ ਭਰ ਵਿੱਚ ਰਿਲੀਜ ਹੋ ਰਹੀ ਹੈ।
ਬਨਵੈਤ ਫ਼ਿਲਮਜ਼ ਅਤੇ ਸਚਿਨ-ਅੰਕੁਸ਼ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ ਤੇ ਪ੍ਰਵੀਨ ਕੁਮਾਰ ਨੇ ਇਸ ਨੂੰ ਡਾਇਰੈਕਟ ਕੀਤਾ ਹੈ। ਮੋਹਿਤ ਬਨਵੈਤ, ਰਾਜੂ ਵਰਮਾ ਤੇ ਪ੍ਰਵੀਨ ਕੁਮਾਰ ਨੇ ਸਾਂਝੇ ਤੌਰ ‘ਤੇ ਇਸ ਦਾ ਸਕਰੀਨਪਲੇ ਲਿਖਿਆ ਹੈ
ਨਿਰਮਾਤਾ ਮੋਹਿਤ ਬਨਵੈਤ, ਆਕੁੰਸ਼ ਗੁਪਤਾ ਅਤੇ ਸਚਿਨ ਗੁਪਤਾ ਦੀ ਇਹ ਫ਼ਿਲਮ ਸਾਡੇ ਪਰਿਵਾਰਕ ਰਿਸ਼ਤਿਆਂ ਦੀ ਤਰਜ਼ਮਾਨੀ ਕਰਦੀ ਕਾਮੇਡੀ ਭਰਪੂਰ ਡਰਾਮਾ ਫ਼ਿਲਮ ਹੈ ਜੋ ਮਨੋਰੰਜਨ ਦੇ ਨਾਲ ਨਾਲ ਵੱਡੀ ਨਸੀਹਤ ਵੀ ਦੇਵੇਗੀ ਕਿ ਧੀਆਂ ਦੇ ਮਾਪਿਆਂ ਨੂੰ ਕਦੇ ਵੀ ਧੀ ਦੇ ਸਹੁਰੇ ਪਰਿਵਾਰ ਦੀ ਜ਼ਿੰਦਗੀ ਵਿੱਚ ਦਖ਼ਲ ਨਹੀਂ ਦੇਣਾ ਚਾਹੀਦਾ। ਫ਼ਿਲਮ ਵਿੱਚ ਹਾਲਾਤ ਮੁਤਾਬਕ ਬਦਲਦੇ ਜਾ ਰਹੇ ਰਿਸ਼ਤਿਆਂ ਦੀ ਵੀ ਗੱਲ ਕੀਤੀ ਗਈ ਹੈ। ਪੀੜੀ ਦਰ ਪੀੜੀ ਰਿਸ਼ਤਿਆਂ ਵਿੱਚ ਆ ਰਹੇ ਬਦਲਾਅ ਇਸ ਫ਼ਿਲਮ ਦਾ ਅਹਿਮ ਧੁਰਾ ਹਨ। ਫ਼ਿਲਮ ਦਾ ਟਾਈਟਲ ਚਾਹੇ ਮਜੱਹੀਆ ਹੈ ਪਰ ਇਸ ਅੰਦਰ ਇਕ ਵੱਡਾ ਸੁਨੇਹਾ ਅਤੇ ਹਰ ਘਰ ਦੀ ਕਹਾਣੀ ਵੀ ਹੈ।
ਇਸ ਫ਼ਿਲਮ ਦੀ ਕਹਾਣੀ ਮੁਹੱਬਤ ਤੋਂ ਪਿਆਰ-ਵਿਆਹ ਚ ਬੱਝੀ ਰੁਮਾਂਟਿਕ ਲਾਇਫ਼ ਅਤੇ ਨੂੰਹ ਸੱਸ ਦੀ ਨੋਕ-ਝੋਕ ਅਧਾਰਤ ਦਿਲਚਸਪ ਕਮਿਸਟਰੀ ਹੈ। ਅਨੀਤਾ ਦੇਵਗਣ ਨੇ ਸੱਸ ਦਾ ਮੁੱਖ ਕਿਰਦਾਰ ਨਿਭਾਇਆ ਹੈ। ਨਿਰਮਲ ਰਿਸ਼ੀ ਅੱਗੇ ਉਸਦੀ ਸੱਸ ਹੈ। ਇਸ ਤਰ੍ਹਾਂ ਇਹ ਤਿੰਨ ਪੀੜ੍ਹੀਆਂ ਦੀ ਨੋਕ ਝੋਕ ਭਰੀ ਕਹਾਣੀ ਹੈ। ਅਜੋਕੇ ਪੰਜਾਬੀ ਸਿਨਮੇ ਵਿੱਚ ਇਹ ਇੱਕ ਨਵੇਂ ਵਿਸ਼ੇ ਦੀ ਕਾਮੇਡੀ ਹੋਵੇਗੀ ਜੋ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗੀ। ਇਸ ਫ਼ਿਲਮ ਵਿੱਚ ਮਹਿਤਾਬ ਵਿਰਕ, ਤਨਵੀ ਨਾਗੀ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਅਨੀਤਾ ਦੇਵਗਣ, ਨਿਰਮਲ ਰਿਸ਼ੀ, ਸੀਮਾ ਕੌਸ਼ਲ, ਨਿਸ਼ਾ ਬਾਨੋ, ਅਕਿਸ਼ਤਾ ਸ਼ਰਮਾ,ਤਰਸੇਮ ਪੌਲ,ਦਿਲਾਵਰ ਸਿੱਧੂ,ਮਨਜੀਤ ਕੌਰ ਔਲਖ, ਸੰਨੀ ਗਿੱਲ, ਰਵਿੰਦਰ ਮੰਡ, ਡੌਲੀ ਸਿੰਘ ਅਤੇ ਸਤਿੰਦਰ ਕੌਰ ਸਮੇਤ ਕੁਝ ਨਵੇਂ ਚਿਹਰਿਆਂ ਨੇ ਅਹਿਮ ਕਿਰਦਾਰ ਨਿਭਾਏ ਹਨ। ਪੰਜਾਬੀ ਗਾਇਕ ਮਹਿਤਾਬ ਵਿਰਕ ਬਤੌਰ ਹੀਰੋ ਇਸ ਫ਼ਿਲਮ ਜ਼ਰੀਏ ਪਹਿਲੀ ਵਾਰ ਪਰਦੇ ‘ਤੇ ਨਜ਼ਰ ਆਵੇਗਾ। ਨਾਮਵਰ ਮਾਡਲ ਤਨਵੀ ਨਾਗੀ ਵੀ ਪਹਿਲੀ ਵਾਰ ਵੱਡੇ ਪਰਦੇ ‘ਤੇ ਬਤੌਰ ਹੀਰੋਇਨ ਨਜ਼ਰ ਆਵੇਗੀ। ਇਸ ਫ਼ਿਲਮ ਦਾ ਟ੍ਰੇਲਰ ਅਤੇ ਮਿਊਜਿਕ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ। ਫ਼ਿਲਮ ਦਾ ਟਾਈਟਲ ਗੀਤ ਜਿਸ ਨੂੰ ਬਾਲੀਵੁੱਡ ਦੀ ਨਾਮੀਂ ਗਾਇਕਾ ਸੁਨਿਧੀ ਚੌਹਾਨ ਨੇ ਗਾਇਆ ਹੈ, ਲਗਾਤਾਰ ਟਰੈਡਿੰਗ ਵਿੱਚ ਚੱਲ ਰਿਹਾ ਹੈ। ਗੀਤਕਾਰ ਧਰਮਵੀਰ ਭੰਗੂ ਦੇ ਲਿਖੇ ਇਸ ਗੀਤ ਨੂੰ ਆਰ ਸ਼ਾਨ ਨੇ ਸੰਗੀਤ ਦਿੱਤਾ ਹੈ। ਫ਼ਿਲਮ ਦੇ ਬਾਕੀ ਗੀਤ ਮਹਿਤਾਬ ਵਿਰਕ, ਜ਼ੋਰਡਨ ਸੰਧੂ ਤੇ ਰਜਾ ਹੀਰ ਨੇ ਗਾਏ ਹਨ ਜ਼ਿਹਨਾਂ ਨੂੰ ਧਰਮਵੀਰ ਭੰਗੂ ਅਤੇ ਗੁਰਬਿੰਦਰ ਮਾਨ ਨੇ ਲਿਖਿਆ ਹੈ। ਸੰਗੀਤ ਗੁਰਮੀਤ ਸਿੰਘ, ਆਰ ਸ਼ਾਨ, ਜੱਸੀ ਐਕਸ ਤੇ ਮਿਸਟਰ ਵਾਓ ਨੇ ਦਿੱਤਾ ਹੈ।