ਪਰਮੀਸ਼ ਵਰਮਾ ਦੀ ਆਗਾਮੀ ਫ਼ਿਲਮ ‘ਮੈਂ ਤੇ ਬਾਪੂ’ ਦਾ ਹਾਲ ਹੀ ’ਚ ਟਰੇਲਰ ਰਿਲੀਜ਼ ਹੋਇਆ ਹੈ। ਇਸ ਟਰੇਲਰ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਟਰੇਲਰ ਨੂੰ ਖ਼ਬਰ ਲਿਖਦਿਆਂ ਤਕ 46 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ। ਟਰੇਲਰ ਯੂਟਿਊਬ ’ਤੇ ਪਰਮੀਸ਼ ਵਰਮਾ ਦੇ ਹੀ ਬੈਨਰ ਹੇਠ ਰਿਲੀਜ਼ ਹੋਇਆ ਹੈ।
ਦੱਸ ਦੇਈਏ ਕਿ ਪਰਮੀਸ਼ ਵਰਮਾ ਇਸ ਫ਼ਿਲਮ ’ਚ ਆਪਣੇ ਪਿਤਾ ਸਤੀਸ਼ ਵਰਮਾ ਨਾਲ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਫ਼ਿਲਮ ’ਚ ਇਨ੍ਹਾਂ ਦੋਵਾਂ ਤੋਂ ਇਲਾਵਾ ਸੰਜੀਦਾ ਸ਼ੇਖ, ਸੁਨੀਤਾ ਧਿਰ, ਸੁਖਵਿੰਦਰ ਚਾਹਲ, ਗੁਰਮੀਤ ਸਾਜਨ, ਰੋਜ਼ ਜੇ. ਕੌਰ, ਬੱਲੀ ਬਲਜੀਤ ਤੇ ਸ਼ਰਨ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਪਰਮੀਸ਼ ਵਰਮਾ, ਆਸ਼ੂ ਮੁਨੀਸ਼ ਸਾਹਨੀ, ਸੁਖਨ ਵਰਮਾ ਤੇ ਅਨੀਕੇਤ ਨੇ ਪ੍ਰੋਡਿਊਸ ਕੀਤਾ ਹੈ।
ਫ਼ਿਲਮ ਨੂੰ ਉਦੇ ਪ੍ਰਤਾਪ ਸਿੰਘ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੀ ਕਹਾਣੀ ਜਗਦੀਪ ਵੜਿੰਗ ਨੇ ਲਿਖੀ ਹੈ। ਫ਼ਿਲਮ ਦੀ ਖ਼ਾਸ ਸਕ੍ਰੀਨਿੰਗ ਦੀਆਂ ਟਿਕਟਾਂ ਜਿੱਤਣ ਲਈ ਪਰਮੀਸ਼ ਵਰਮਾ ਨੇ ਆਪਣੇ ਚਾਹੁਣ ਵਾਲਿਆਂ ਨੂੰ ਇਕ ਟਾਸਕ ਵੀ ਦਿੱਤਾ ਹੈ।
ਪਰਮੀਸ਼ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਨ੍ਹਾਂ ਲਿਖਿਆ, ‘ਪੋਸਟਰ ਨੂੰ ਰੀਕ੍ਰਿਏਟ ਕਰੋ, ਸਾਨੂੰ ਟੈਗ ਕਰੋ ਤੇ ਜਿੱਤੋ ਫ਼ਿਲਮ ਦੀ ਖ਼ਾਸ ਸਕ੍ਰੀਨਿੰਗ ਦੀਆਂ ਟਿਕਟਾਂ। ਆਪਣੇ ਬਾਪੂ, ਮੇਰੇ ਬਾਪੂ ਤੇ ਮੇਰੇ ਨਾਲ ਇਹ ਫ਼ਿਲਮ ਦੇਖੋ।’ ਫ਼ਿਲਮ 22 ਅਪ੍ਰੈਲ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ।