ਚੰਡੀਗੜ੍ਹ : ਤਰਸੇਮ ਜੱਸੜ ਤੇ ਵਾਮਿਕਾ ਗੱਬੀ ਸਟਾਰਰ ਫ਼ਿਲਮ ‘ਗਲਵੱਕੜੀ’ ਅੱਜ ਦੁਨੀਆ ਭਰ ’ਚ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ਨੂੰ ਕੋਰੋਨਾ ਮਹਾਮਾਰੀ ਦੇ ਚਲਦਿਆਂ ਕਈ ਵਾਰ ਮੁਲਤਵੀ ਕਰ ਦਿੱਤਾ ਗਿਆ ਸੀ ਪਰ ਅੱਜ ਫ਼ਿਲਮ ਸਿਨੇਮਾਘਰਾਂ ਦਾ ਸ਼ਿੰਗਾਰ ਬਣ ਗਈ ਹੈ। ਦੱਸ ਦੇਈਏ ਕਿ 3 ਸਾਲਾਂ ਬਾਅਦ ਤਰਸੇਮ ਜੱਸੜ ਦੀ ਇਹ ਫ਼ਿਲਮ ਰਿਲੀਜ਼ ਹੋ ਰਹੀ ਹੈ। ਇਸ ਤੋਂ ਪਹਿਲਾਂ ਸਾਲ 2019 ’ਚ ਤਰਸੇਮ ਦੀਆਂ ਦੋ ਫ਼ਿਲਮਾਂ ‘ਉੜਾ ਐੜਾ’ ਤੇ ‘ਰੱਬ ਦਾ ਰੇਡੀਓ 2’ ਰਿਲੀਜ਼ ਹੋਈਆਂ ਸਨ।
ਫ਼ਿਲਮ ’ਚ ਤਰਸੇਮ ਜੱਸੜ ਤੇ ਵਾਮਿਕਾ ਗੱਬੀ ਤੋਂ ਇਲਾਵਾ ਬੀ. ਐੱਮ. ਸ਼ਰਮਾ, ਰਘਵੀਰ ਬੋਲੀ, ਰੁਪਿੰਦਰ ਰੂਪੀ, ਹਨੀ ਮੱਟੂ, ਸੁੱਖੀ ਚਾਹਲ, ਸੀਮਾ ਕੌਸ਼ਲ, ਪ੍ਰਕਾਸ਼ ਗਾਧੂ ਤੇ ਹਾਰਬੀ ਸੰਘਾ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਸ਼ਰਟ ਆਰਟ ਵਲੋਂ ਡਾਇਰੈਕਟ ਕੀਤਾ ਗਿਆ ਹੈ।
ਫ਼ਿਲਮ ਦੀ ਕਹਾਣੀ ਰਣਦੀਪ ਚਾਹਲ ਨੇ ਲਿਖੀ ਹੈ ਤੇ ਇਸ ਦਾ ਸਕ੍ਰੀਨਪਲੇਅ ਤੇ ਡਾਇਲਾਗਸ ਜਗਦੀਪ ਵੜਿੰਗ ਵਲੋਂ ਲਿਖੇ ਗਏ ਹਨ। ਫ਼ਿਲਮ ਨੂੰ ਮਨਪ੍ਰੀਤ ਜੌਹਲ, ਆਸ਼ੂ ਮੁਨੀਸ਼ ਸਾਹਨੀ, ਅਨੀਕੇਤ ਤੇ ਸਵਿਨ ਸਰੀਨ ਨੇ ਪ੍ਰੋਡਿਊਸ ਕੀਤਾ ਹੈ।
ਦੱਸ ਦੇਈਏ ਕਿ ਫ਼ਿਲਮ ਦੇ ਟਰੇਲਰ ਤੋਂ ਲੈ ਕੇ ਇਸ ਦੇ ਗੀਤਾਂ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਤਰਸੇਮ ਜੱਸੜ ਨੇ ਸਿਮੀ ਚਾਹਲ ਦੀ ਇਕ ਵੀਡੀਓ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ, ਜਿਸ ’ਚ ਸਿਮੀ ਚਾਹਲ ਫ਼ਿਲਮ ‘ਗਲਵੱਕੜੀ’ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕਰ ਰਹੀ ਹੈ। ਇਸ ਵੀਡੀਓ ਨਾਲ ਤਰਸੇਮ ਜੱਸੜ ਨੇ ਲਿਖਿਆ, ‘‘ਗਲਵੱਕੜੀ’ ਰੀਵਿਊ ਗੁੱਡੀ ਵਲੋਂ। ਬਹੁਤ ਧੰਨਵਾਦ ਤੁਹਾਡਾ। ਤੁਸੀਂ ਵੀ ਸਾਰੇ ਕਰਵਾਓ ਟਿਕਟਾਂ ਬੁੱਕ। ਐਡਵਾਂਸ ਬੁਕਿੰਗ ਓਪਨ ਹੋ ਚੁੱਕੀ ਹੈ ਤੇ ਆਪਣੇ ਰੀਵਿਊਜ਼ ਵੀ ਦਿਓ।’