ਇਸ ਸਾਲ ਰਿਲੀਜ਼ ਹੋਈਆਂ ਫ਼ਿਲਮਾਂ ਤੋਂ ਜ਼ਿਆਦਾਤਰ ਨਾਰਾਜ਼ ਦਰਸ਼ਕਾਂ ਨੂੰ ਹੁਣ ‘ਜਿੰਦੂਆ’ ਤੋਂ ਆਸਾਂ ਹਨ। ਨਿਰਦੇਸ਼ਕ ਨਵਨੀਅਤ ਸਿੰਘ ਦੀ ਇਹ ਫ਼ਿਲਮ 17 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਨਿਰਮਾਤਾ ਵਿਵੇਕ ਓਹਰੀ ਅਤੇ ਉਹਨਾਂ ਦੀ ਟੀਮ ਦੀ ਇਸ ਫ਼ਿਲਮ ਦੀ ਸਟੋਰੀ ਅਤੇ ਸਕਰੀਨਪਲੇ ਧੀਰਜ ਰਤਨ ਨੇ ਲਿਖਿਆ ਹੈ। ਨਿਰਦੇਸ਼ਕ ਮਨਮੋਹਨ ਸਿੰਘ ਦੀ ਫ਼ਿਲਮ ”ਯਾਰਾਂ ਨਾਲ ਬਹਾਰਾਂ” ਜ਼ਰੀਏ ਪੰਜਾਬੀ ਸਿਨਮੇ ਨਾਲ ਜੁੜਿਆ ਹਿੰਦੀ ਤੇ ਪੰਜਾਬੀ ਸਿਨੇਮੇ ਦਾ ਅਦਾਕਾਰ ਜਿੰਮੀ ਸ਼ੇਰਗਿੱਲ ਕਈ ਸਾਲਾਂ ਬਾਅਦ ਰੁਮਾਂਟਿਕ ਲੁਕ ‘ਚ ਮੁੜ ਨਜ਼ਰ ਆਵੇਗਾ। ਮੁੰਡੇ ਯੂ ਕੇ ਦੇ, ਆ ਗਏ ਮੁੰਡੇ ਯੂ ਕੇ ਤੋਂ ਬਾਅਦ ਜਿੰਮੀ ਅਤੇ ਨੀਰੂ ਬਾਜਵਾ ਦੀ ਜੋੜੀ ਇਕ ਵਾਰ ਇਸ ਫ਼ਿਲਮ ‘ਚ ਦੇਖਣ ਨੂੰ ਮਿਲੇਗੀ। ਅੰਗਰੇਜ ਜ਼ਰੀਏ ਛਾਈ ਪੰਜਾਬੀਆਂ ਦੀ ਧੰਨ ਕੌਰ ਉਰਫ ਸਰਗੁਣ ਮਹਿਤਾ ਇਸ ਫ਼ਿਲਮ ਦੀ ਦੂਜੀ ਹੀਰੋਇਨ ਹੈ। ਫ਼ਿਲਮ ਦੀ ਟੀਮ ਮੁਤਾਬਕ ਕੈਨੇਡਾ ‘ਚ ਫ਼ਿਲਮਾਈ ਗਈ ਇਹ ਫ਼ਿਲਮ ਤ੍ਰਿਕੋਣੀ ਪ੍ਰੇਮ ਕਹਾਣੀ ਤਾਂ ਹੈ ਹੀ, ਬਲਕਿ ਇਸ ਦੇ ਨਾਲ ਨਾਲ ਫ਼ਿਲਮ ‘ਚ ਇਮੀਗ੍ਰੇਸ਼ਨ ਦਾ ਮੁੱਦਾ ਵੀ ਉਭਾਰਿਆ ਗਿਆ ਹੈ। ਪੰਜਾਬ ਦੇ ਬਹੁਤ ਸਾਰੇ ਨੌਜਵਾਨ ਸੁਨਾਹਿਰੇ ਭਵਿੱਖ ਦੇ ਸੁਪਨੇ ਲਈ ਕਿਸੇ ਨਾ ਕਿਸੇ ਤਰੀਕੇ ਵਿਦੇਸ਼ ਉਡਾਰੀ ਮਾਰ ਤਾਂ ਲੈਂਦੇ ਹਨ। ਪਰ ਬਿਗਾਨੇ ਮੁਲਕ ਨੂੰ ਆਪਣਾ ਬਣਾਉਂਣ ਦੀ ਜੱਦੋ ਜ਼ਹਿਦ ‘ਚ ਉਹ ਕਿੰਨਾ ਹਾਲਤਾਂ ‘ਚੋਂ ਗੁਜ਼ਰਦੇ ਹਨ। ਇਹ ਵੀ ਫ਼ਿਲਮ ਦਾ ਇਕ ਅਹਿਮ ਇਸ਼ੂ ਹੈ। ਜਿੰਮੀ ਸ਼ੇਰਗਿੱਲ ਅਜਿਹੇ ਹੀ ਇਕ ਮੁੰਡੇ ਦਾ ਕਿਰਦਾਰ ਨਿਭਾ ਰਿਹਾ ਹੈ। ਜੋ ਪੰਜਾਬ ਤੋਂ ਪੱਕੇ ਤੌਰ ‘ਤੇ ਆਪਣੀ ਵੋਟ ਕਟਵਾ ਕੇ ਕੈਨੇਡਾ ਚਲਾ ਤਾਂ ਜਾਂਦਾ ਹੈ ਪਰ ਜਦੋਂ ਉਥੋ ਦੀ ਵੋਟ ਬਣਾਉਣ ਮਤਲਬ ਪੱਕੇ ਹੋਣ ਲਈ ਬਥੇਰੇ ਪਾਪੜ ਵੇਲਦਾ ਹੈ। ਫ਼ਿਲਮ ‘ਚ ਨਾਮੀਂ ਕਲਾਕਾਰਾਂ ਦੇ ਨਾਲ ਨਾਲ ਇਕ ਕੁੱਤੇ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਬਹੁਤ ਸਾਰੀਆਂ ਹਿੰਦੀ ਫ਼ਿਲਮਾਂ ‘ਚ ਤਾਂ ਜਾਨਵਰਾਂ ਦੀ ਅਹਿਮ ਭੂਮਿਕਾ ਤਾਂ ਸਭ ਨੇ ਦੇਖੀ ਹੋਵੇਗੀ, ਪਰ ਪੰਜਾਬੀ ਫ਼ਿਲਮ ‘ਚ ਇਹ ਸ਼ਾਇਦ ਪਹਿਲੀ ਵਾਰ ਹੋਵੇਗਾ।


