ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਨਿਰਦੇਸ਼ਕਾ ਤੇਜੀ ਸੰਧੂ ਦੀ ਨਵੀਂ ਫ਼ਿਲਮ ‘ਆਖਰੀ ਵਾਰਿਸ’ ਵਿੱਚ ਆਪਣੇ ਕੁੱਲ ਦੇ ਆਖਰੀ ਵਾਰਿਸ ਵਜੋਂ ਨਜ਼ਰ ਆਵੇਗਾ। ਪਿੰਡ ਦੇ ਪੇਡੂ ਕਲਚਰ, ਪਰਿਵਾਰਾਂ ਤੇ ਸ਼ਰੀਕੇਬਾਜ਼ੀ ਨਾਲ ਸਬੰਧਿਤ ਇਹ ਫ਼ਿਲਮ ਪੁਰਾਤਨ ਅਤੇ ਅਜੌਕੇ ਦੌਰ ਦੀ ਗੱਲ ਕਰੇਗੀ। ‘ਵਾਇਲਡ ਰੋਜ ਫ਼ਿਲਮਸ ਅਤੇ ਸ਼ੁੱਧ ਗੋਲਡ’ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਦੇ ਨਿਰਮਾਤਾ ਪ੍ਰੀਤਪਾਲ ਸ਼ੇਰਗਿੱਲ ਹਨ। ਕੋ ਨਿਰਮਾਤਾ ਗਗਨਦੀਪ ਸਿੰਘ ਭੁੱਲਰ ਤੇ ਸੰਜੀਵ ਮਿੱਤਲ ਹਨ। ਫ਼ਿਲਮ ‘ਚ ਸਰਬਜੀਤ ਚੀਮਾ, ਗੱਗੂ ਗਿੱਲ, ਹੌਬੀ ਧਾਲੀਵਾਲ, ਬੀਐਨ ਸ਼ਰਮਾ, ਨਿਰਮਲ ਰਿਸ਼ੀ, ਮਹਿਰੀਨ ਕਾਲੇਕੇ, ਸੂਫੀ ਗੁਲਾਟੀ, ਅਨੂਕ੍ਰਿਤੀ ਸਿੰਘ, ਸ਼ਿਵਾਨੀ ਸੈਣੀ, ਪ੍ਰੀਤਪਾਲ ਸ਼ੇਰਗਿੱਲ, ਤੇਜੀ ਸੰਧੂ, ਹਾਰਬੀ ਸੰਘਾ, ਰਮਣੀਕ ਸੰਧੂ ਤੇ ਦਮਨਪ੍ਰੀਤ ਕੌਰ ਕੰਮ ਕਰ ਰਹੇ ਹਨ। ਫ਼ਿਲਮ ਦੀ ਸ਼ੂਟਿੰਗ ਪੰਜਾਬ ਦੇ ਸਰਹੱਦੀ ਜ਼ਿਲ•ੇ ਫ਼ਿਰੋਜ਼ਪੁਰ ਦੇ ਵੱਖ ਵੱਖ ਪਿੰਡਾਂ ‘ਚ ਹੋਵੇਗੀ। ਫ਼ਿਲਮ ਦਾ ਕੁਝ ਹਿੱਸਾ ਵਿਦੇਸ਼ ‘ਚ ਵੀ ਫ਼ਿਲਮਾਇਆ ਜਾਵੇਗਾ। ਫ਼ਿਲਮ ਦੇ ਨਿਰਮਾਤਾ ਪ੍ਰੀਤਪਾਲ ਸ਼ੇਰਗਿੱਲ ਨੇ ਦੱਸਿਆ ਕਿ ਪੰਜਾਬੀ ਫ਼ਿਲਮਾਂ ਜੀ ਆਇਆ ਨੂੰ, ਅਸਾਂ ਨੂੰ ਮਾਣ ਵਤਨਾਂ ਦਾ ਅਤੇ ਯਾਰਾਂ ਨਾਲ ਬਹਾਰਾਂ ਦਾ ਨਿਰਮਾਣ ਕਰਨ ਤੋਂ ਬਾਅਦ ਉਹ ਕਈ ਸਾਲਾਂ ਬਾਅਦ ਮੁੜ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਸ਼ੁਰੂ ਕਰ ਰਹੇ ਹਨ। ਉਹਨਾਂ ਦੀ ਇਹ ਫ਼ਿਲਮ ਵੀ ਉਨ•ਾਂ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਲੀਕ ਤੋਂ ਹਟਵੀ ਤੇ ਮਨੋਰੰਜਨ ਭਰਪੂਰ ਹੋਵੇਗੀ। ਇਸ ਫ਼ਿਲਮ ਨੂੰ ਨਾਮਵਰ ਅਦਾਕਾਰਾ ਤੇਜੀ ਸੰਧੂ ਡਾਇਰੈਕਟ ਕਰ ਰਹੀ ਹੈ। ਫ਼ਿਲਮ ਦੀ ਕਹਾਣੀ ਵੀ ਉਨ•ਾਂ ਨੇ ਹੀ ਲਿਖੀ ਹੈ। ਤੇਜੀ ਸੰਧੂ ਨੇ ਦੱਸਿਆ ਕਿ ਇਹ ਫ਼ਿਲਮ ਪੰਜਾਬੀ ਸਮਾਜ ਨੂੰ ਇਕ ਵੱਡਾ ਸੁਨੇਹਾ ਦੇਵੇਗੀ। ਇਹ ਫ਼ਿਲਮ ਅਜੌਕੇ ਰਿਸ਼ਤਿਆਂ ਦੀ ਗੱਲ ਕਰਦੀ ਹੋਈ, ਉਨ•ਾਂ ਦੀ ਹੋਣੀ ਬਿਆਨ ਕਰੇਗੀ। ਇਹ ਫ਼ਿਲਮ ਮਾਂ ਬਾਪ ਦੀ ਬੱਚਿਆਂ ਪ੍ਰਤੀ ਜਿੰਮੇਵਾਰੀ ਅਤੇ ਬÎੱਚਿਆਂ ਦੀ ਮਾਂ ਬਾਪ ਪ੍ਰਤੀ ਜ਼ਿੰਮੇਵਾਰੀ ਨੂੰ ਰੂਪਮਾਨ ਕਰੇਗੀ।

ਫ਼ਿਲਮ ਦੇ ਹੀਰੋ ਦਿਲਪ੍ਰੀਤ ਢਿੱਲੋਂ ਨੇ ਦੱਸਿਆ ਕਿ ਇਹ ਉਸ ਦੀ ਦੂਜੀ ਫ਼ਿਲਮ ਹੈ। ਇਸ ਫ਼ਿਲਮ ਦਾ ਟਾਈਟਲ ਉਸ ਦੇ ਕਿਰਦਾਰ ‘ਤੇ ਢੁਕਦਾ ਹੈ। ਉਹ ਫ਼ਿਲਮ ‘ਚ ਇਕ ਅਜਿਹੇ ਨੌਜਵਾਨ ਦੀ ਭੂਮਿਕਾ ਨਿਭਾ ਰਿਹਾ ਹੈ, ਜੋ ਕੈਨੇਡਾ ਦੀ ਚਕਾਚੌਂਧ ਨੂੰ ਛੱਡ ਕੇ ਆਪਣੀ ਮਾਂ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਆਉਂਦਾ ਹੈ। ਫ਼ਿਲਮ ਦੀ ਹੀਰੋਇਨ ਸੂਫੀ ਗੁਲਾਟੀ ਹੈ। ਸੂਫੀ ਨੇ ਦੱਸਿਆ ਕਿ ਦਰਸ਼ਕ ਉਸ ਨੂੰ ‘ਮੁੰਡੇ ਕਮਾਲ ਦੇ’ ਤੋਂ ਬਾਅਦ ਇਸ ਫ਼ਿਲਮ ‘ਚ ਇਕ ਐਕਸ਼ਨ ਹੀਰੋਇਨ ਦੇ ਰੂਪ ‘ਚ ਦੇਖਣਗੇ। ‘ਹਾਣੀ’ ਫ਼ਿਲਮ ਵਾਲੀ ਅਦਾਕਾਰਾ ਮਹਿਰੀਨ ਕਾਲੇਕੇ ਇਕ ਵਾਰ ਫਿਰ ਇਕ ਦਮਦਾਰ ਕਿਰਦਾਰ ‘ਚ ਨਜ਼ਰ ਆਵੇਗੀ। ਇਸ ਵਾਰ ਉਸ ਦੀ ਜੋੜੀ ਸਰਬਜੀਤ ਚੀਮਾ ਨਾਲ ਬਣਾਈ ਗਈ ਹੈ। ਪੰਜਾਬੀ ਸਿਨੇਮੇ ਦੇ ਸਦਾਬਹਾਰ ਅਦਾਕਾਰ ਗੱਗੂ ਗਿੱਲ ਇਸ ਫ਼ਿਲਮ ‘ਚ ਇਕ ਅਜਿਹੇ ਜੰਗੀਰਦਾਰ ਦਾ ਕਿਰਦਾਰ ਅਦਾ ਕਰ ਰਹੇ ਹਨ, ਜੋ ਆਪਣੇ ਅਸੂਲਾਂ ਦਾ ਪੱਕਾ ਹੈ ਤੇ ਪੰਜਾਬੀਅਤ ਦਾ ਪਹਿਰੇਦਾਰ ਹੈ। ‘ਨਿੱਕਾ ਜੈਲਦਾਰ’ ਨਾਲ ਚਰਚਾ ‘ਚ ਆਈ ਉੱਘੀ ਅਦਾਕਾਰਾ ਨਿਰਮਲ ਰਿਸ਼ੀ ਵੀ ਇਸ ਫ਼ਿਲਮ ‘ਚ ਦਮਦਾਰ ਕਿਰਦਾਰ ਅਦਾ ਕਰ ਰਹੀ ਹੈ। ਮੀਡੀਆ ਨਾਲ ਗੱਲ ਕਰਦਿਆਂ ਅਦਾਕਾਰ ਹੌਬੀ ਧਾਲੀਵਾਲ ਨੇ ਕਿਹਾ ਕਿ ਇਸ ਫ਼ਿਲਮ ‘ਚ ਉਹ ਇਕ ਵੱਖਰੇ ਕਿਸਮ ਦਾ ਕਿਰਦਾਰ ਅਦਾ ਕਰ ਰਿਹਾ ਹੈ। ਉਸ ਦਾ ਇਕ ਕਿਰਦਾਰ ਬੇਸ਼ੱਕ ਨੈਗੇਟਿਵ ਹੈ, ਪਰ ਇਹ ਕਿਰਦਾਰ ਪਿੰਡਾਂ ਦੇ ਉਹਨਾਂ ਬੰਦਿਆਂ ਨੂੰ ਪਰਦੇ ‘ਤੇ ਪੇਸ਼ ਕਰੇਗਾ, ਜੋ ਹਮੇਸ਼ਾ ਜ਼ਮੀਨ, ਜਾਇਦਾਦ ਖ਼ਾਤਰ ਜਾਨ ਵਾਰਨ ਨੂੰ ਤਿਆਰ ਰਹਿੰਦੇ ਹਨ। ਉਸ ਦਾ ਰੌਹਬਦਾਰ ਕਿਰਦਾਰ ਔਰਤ ਦੀ ਮਰਿਆਦਾ ਨੂੰ ਦਰਸਾਏਗਾ। ਫ਼ਿਲਮ ਦੀ ਟੀਮ ਮੁਤਾਬਕ ਇਹ ਫ਼ਿਲਮ ਨਿਰੋਲ ਰੂਪ ‘ਚ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਹੈ। ਫ਼ਿਲਮ ਦੀ ਸ਼ੂਟਿੰਗ 20 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ।


