ਪੰਜਾਬੀ ਸਿਨਮੇ ਦੇ ਇਤਿਹਾਸਕ ਪੰਨਿਆਂ ਦਾ ਹਿੱਸਾ ਬਣ ਚੁੱਕੀ ਪੰਜਾਬੀ ਫ਼ਿਲਮ ‘ਅੰਗਰੇਜ’ ਤੋਂ ਬਾਅਦ ਹੁਣ ‘ਲਾਹੌਰੀਏ’ ਨੂੰ ਦਰਸ਼ਕ ਉਸ ਤੋਂ ਵੱਧ ਪਿਆਰ ਦੇਣਗੇ। ਮੇਰੀ ਅਤੇ ਅਮਰਿੰਦਰ ਗਿੱਲ ਦੀ ਇਹ ਤੀਜੀ ਫ਼ਿਲਮ ਹੈ। ਪਹਿਲੀਆਂ ਵਾਂਗ ਇਹ ਵੀ ਦਰਸ਼ਕਾਂ ਦੀ ਕਸਵੱਟੀ ‘ਤੇ ਖ਼ਰਾ ਉਤਰੇਗੀ। ਇਹ ਕਹਿਣਾ ਹੈ ਪੰਜਾਬੀ ਸਿਨੇਮੇ ਦੀ ਧੰਨ ਕੌਰ ਉਰਫ ਸਰਗੁਣ ਮਹਿਤਾ ਦਾ। ਸਰਗੁਣ ਤੇ ਅਮਰਿੰਦਰ ਗਿੱਲ ਦੀ ਜੋੜੀ ਦੀ ਇਹ ਫ਼ਿਲਮ ‘ਲਾਹੌਰੀਏ’ 12 ਮਈ ਨੂੰ ਰਿਲੀਜ਼ ਹੋ ਰਹੀ ਹੈ। ਫ਼ਿਲਮ ਦਾ ਟ੍ਰੇਲਰ ਅਤੇ ਮਿਊਜਿਕ ਨੂੰ ਹਰ ਪਾਸੋਂ ਵਧੀਆ ਹੰਗਾਰਾ ਮਿਲ ਰਿਹਾ ਹੈ।
ਆਪਣੀਆਂ ਸਮਕਾਲੀ ਅਤੇ ਸੀਨੀਅਰ ਹੀਰੋਇਨਾਂ ਨੂੰ ਤੇਜ਼ੀ ਨਾਲ ਪਛਾੜਦੀ ਜਾ ਰਹੀ ਸਰਗੁਣ ਦਾ ਟੈਲੀਵਿਜਨ ਤੋਂ ਪੰਜਾਬੀ ਸਿਨਮੇ ਤੱਕ ਦਾ ਸਫ਼ਰ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਇਹ ਸਰਗੁਣ ਦੀ ਕਿਸਮਤ ਅਤੇ ਮਿਹਨਤ ਦਾ ਹੀ ਨਤੀਜਾ ਹੈ ਕਿ ਪੰਜਾਬ ‘ਚ ਹੁੰਦੇ ਫ਼ਿਲਮ ਐਵਾਰਡ ‘ਚ ਉਸ ਨੂੰ ਸਰਬੋਤਮ ਹੀਰੋਇਨ ਦਾ ਖ਼ਿਤਾਬ ਹਾਸਲ ਹੋਇਆ। ਪੰਜਾਬੀ ਚ ਪਹਿਲੀ ਵਾਰ ਹੋਏ ਫ਼ਿਲਮ ਫ਼ੇਅਰ ਐਵਾਰਡ ‘ਚ ਵੀ ਸਰਗੁਣ ਨੂੰ ਸਰਬੋਤਮ ਹੀਰੋਇਨ ਦੀ ਟ੍ਰਾਫ਼ੀ ਦਿੱਤੀ ਗਈ। ਇਹ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਮੁੰਬਈ ‘ਚ ਮਸ਼ਰੂਫ ਚੰਡੀਗੜ• ਦੀ ਇਹ ਕੁੜੀ ਪੰਜਾਬੀ ਦਰਸ਼ਕਾਂ ਦੀ ਧੰਨ ਕੌਰ ਬਣਕੇ ਉਹਨਾਂ ਦੇ ਦਿਲਾਂ ‘ਤੇ ਰਾਜ ਕਰੇਗੀ।
ਸਰਗੁਣ ਦੱਸਦੀ ਹੈ ਕਿ ਪੰਜਾਬੀ ਸਿਨੇਮੇ ਨਾਲ ਉਹ ਇਤਫ਼ਾਕ ਵੱਸ ਹੀ ਜੁੜੀ ਹੈ। ਚੰਡੀਗੜ• ਦੀ ਜੰਮਪਲ ਹੋਣ ਦੇ ਬਾਵਜੂਦ ਉਸ ਨੇ ਕਦੇ ਪੰਜਾਬੀ ਫ਼ਿਲਮਾਂ ‘ਚ ਕੰਮ ਕਰਨ ਬਾਰੇ ਨਹੀਂ ਸੋਚਿਆ ਸੀ। ਉਹ ਮੁੰਬਈ ‘ਚ ਸਰਗਰਮ ਸੀ ‘ਤੇ ਉਥੇ ਹੀ ਰਹਿਣਾ ਚਾਹੁੰਦੀ ਸੀ। ਅੰਗਰੇਜ ਦੇ ਲੇਖਕ ਅੰਬਰਦੀਪ ਸਿੰਘ ਨੂੰ ਉਹ ਪਹਿਲਾਂ ਤੋਂ ਜਾਣਦੀ ਸੀ। ਉਹ ਦੋਵੇਂ ‘ਕਾਮੇਡੀ ਨਾਈਟ ਦੇ ਆਜੂਬੇ’ ਦਾ ਹਿੱਸਾ ਰਹੇ ਹਨ। ਅੰਬਰ ਨੇ ਹੀ ਉਸ ਨੂੰ ਇਸ ਫ਼ਿਲਮ ਦੀ ਕਹਾਣੀ ਸੁਣਾਈ ਸੀ। ਉਸ ਲਈ ‘ਧੰਨ ਕੌਰ’ ਦਾ ਕਿਰਦਾਰ ਨਿਭਾਉਣਾ ਬੇਹੱਦ ਮੁਸ਼ਕਲ ਸੀ, ਪਰ ਉਸ ਨੂੰ ਸਫ਼ਲਤਾ ਮਿਲੀ। ਸਰਗੁਣ ਮੁਤਾਬਕ ਓਨੀ ਪਹਿਚਾਣ ਉਸ ਨੂੰ ਛੋਟੇ ਪਰਦੇ ਤੋਂ ਨਹੀਂ ਮਿਲੀ, ਜਿੰਨੀ ਜਲਦੀ ਮਕਬੂਲੀਅਤ ਉਸ ਨੂੰ ਇਸ ਇਕੋ ਪੰਜਾਬੀ ਫ਼ਿਲਮ ਨਾਲ ਮਿਲੀ ਹੈ। ਇਸ ਫ਼ਿਲਮ ਤੋਂ ਬਾਅਦ ਉਸ ਨੂੰ ਲਗਾਤਾਰ ਪੰਜਾਬੀ ਫ਼ਿਲਮਾਂ ਦੀਆਂ ਪੇਸ਼ਕਸ਼ਾਂ ਆਉਣੀਆਂ ਸ਼ੁਰੂ ਹੋਈਆਂ। ਅਮਰਿੰਦਰ ਗਿੱਲ ਨਾਲ ਹੀ ‘ਲਵ ਪੰਜਾਬ’ ‘ਚ ਨਜ਼ਰ ਆਈ ਸਰਗੁਣ ਨੂੰ ਇਸ ਫ਼ਿਲਮ ਨੇ ਕਾਫ਼ੀ ਫ਼ਾਇਦਾ ਦਿੱਤਾ।
ਸਰਗੁਣ ਦੱਸਦੀ ਹੈ ਕਿ ਹੀਰੋਇਨ ਬਣਨ ਦੀ ਉਸ ਦੀ ਕੋਈ ਇੱਛਾ ਨਹੀਂ ਸੀ, ਇਹ ਤਾਂ ਰੰਗਮੰਚ ਨੇ ਉਸ ਨੂੰ ਇਸ ਪਾਸੇ ਅਜਿਹਾ ਤੋਰਿਆ ਕਿ ਇਹ ਸਫ਼ਰ ਨਿਰੰਤਰ ਜਾਰੀ ਹੈ। ਚੰਡੀਗੜ• ਤੋਂ ਦਿੱਲੀ ਬੀ ਕਾਮ ਆਨਰਜ ਕਰਨ ਗਈ ਸਰਗੁਣ ਨੂੰ ਦਿੱਲੀ ਯੂਨੀਵਰਸਿਟੀ ਦੇ ਕਰੋੜੀਮੱਲ ਕਾਲਜ ਦੇ ਮਾਹੌਲ ਨੇ ਰੰਗਮੰਚ ਨਾਲ ਜੋੜ ਦਿੱਤਾ। ਸਰਗੁਣ ਨੇ ਇਥੇ ਤਿੰਨ ਸਾਲ ਥੀਏਟਰ ਕੀਤਾ। ਥੀਏਟਰ ਦੇ ਉਸ ਦੇ ਇਕ ਸੀਨੀਅਰ ਸੁਧੀਰ ਸ਼ਰਮਾ ਨੇ ਜਦੋਂ ਆਪਣੇ ਸੀਰੀਅਲ ‘ਬਾਰਾਂ ਬਟਾ ਚੌਵੀ ਕਰੋਲ ਬਾਗ’ ਲਈ ਅਡੀਸ਼ਨ ਲਏ ਤਾਂ ਸਰਗੁਣ ਦੀ ਚੋਣ ਹੋਈ। ਇਸ ਸੀਰੀਅਲ ਤੋਂ ਉਸ ਦੇ ਕਰੀਅਰ ਦੀ ਸ਼ੁਰੂਆਤ ਹੋਈ। ਨਾਮਵਰ ਟੀਵੀ ਚੈਨਲਾਂ ਦੇ ਚਰਚਿਤ ਸੀਰੀਅਲ ‘ਗੀਤਾ’ ਅਤੇ ‘ਫੁਲਵਾ’ ਵਿੱਚ ਉਸ ਨੇ ਅਹਿਮ ਕਿਰਦਾਰ ਨਿਭਾਏ। ਰਿਆਲਿਟੀ ਸ਼ੋਅ ‘ਨੱਚ ਬੱਲੀਏ’ ਅਤੇ ‘ਕਾਮੇਡੀ ਨਾਈਟ ਦਾ ਆਜੂਬਾ’ ਨੇ ਉਸ ਨੂੰ ਇਸ ਖ਼ੇਤਰ ‘ਚ ਪਹਿਚਾਣ ਦਿੱਤੀ। ‘ਕਾਮੇਡੀ ਨਾਈਟ ਦਾ ਆਜੂਬਾ’ ਵਿੱਚ ਉਸ ਨੇ ਕਪਿਲ ਸ਼ਰਮਾ ਨਾਲ ਸੈਲਬ੍ਰਿਟੀ ਪਾਰਟਨਰ ਵਜੋਂ ਕਈ ਐਪੀਸੋਡ ਕੀਤੇ। ਇਸੇ ਸ਼ੋਅ ਵਿੱਚ ਹੀ ਅੰਗਰੇਜ ਵਾਲਾ ਅੰਬਰ ਲੇਖਕ ਵਜੋਂ ਕੰਮ ਕਰਦਾ ਸੀ, ਜਿਥੋਂ ਉਹ ਇਕ ਦੂਜੇ ਨੂੰ ਜਾਣਦੇ ਸੀ। ਇਹ ਜਾਣ ਪਹਿਚਾਣ ਕਈ ਸਾਲਾਂ ਬਾਅਦ ਇਸ ਕਦਰ ਕੰਮ ਆਈ ਕਿ ਅੱਜ ਉਹ ਪੰਜਾਬੀ ਸਿਨੇਮੇ ਦੀ ਨਾਮਵਰ ਅਭਿਨੇਤਰੀ ਹੈ। ਉਹ ਹੁਣ ਪੰਜਾਬੀ ਸਿਨੇਮਾ ਨਾਲ ਹਮੇਸ਼ਾ ਰਾਬਤਾ ਰੱਖੇਗੀ। 
ਕੁਝ ਮਹੀਨੇ ਪਹਿਲਾਂ ਹੀ ਜਿੰਮੀ ਸ਼ੇਰਗਿੱਲ ਨਾਲ ‘ਜਿੰਦੂਆ’ ਵਿੱਚ ਨੀਰੂ ਬਾਜਵਾ ਨੂੰ ਬਰਾਬਰ ਦੀ ਟੱਕਰ ਦੇਣ ਵਾਲੀ ਸਰਗੁਣ ਆਪਣੀ ਨਵੀਂ ਫ਼ਿਲਮ ‘ਲਹੌਰੀਏ’ ਬਾਰੇ ਉਹ ਦੱਸਦੀ ਹੈ ਕਿ ਇਸ ਫ਼ਿਲਮ ਨੂੰ ਅੰਬਰਦੀਪ ਸਿੰਘ ਨੇ ਲਿਖਿਆ ਹੈ। ਇਸ ਵਾਰ ਉਸ ਨੇ ਹੀ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ। ਅੰਗਰੇਜ ਵਾਂਗ ਇਹ ਫ਼ਿਲਮ ਵੀ ਪੀਰੀਅਡ ਫ਼ਿਲਮ ਹੈ, ਪਰ ਇਸ ‘ਚ ਅਜੌਕੇ ਦੌਰ ਦੇ ਵੀ ਰੰਗ ਦੇਖਣ ਨੂੰ ਮਿਲਣਗੇ। ਇਸ ਰੁਮਾਂਟਿਕ ਲਵ ਸਟੋਰੀ ‘ਚ ਦਰਸ਼ਕ ਇਕ ਵਾਰ ਫਿਰ ਤੋਂ ਉਸ ਦੀ ਅਤੇ ਅਮਰਿੰਦਰ ਦੀ ਜੋੜੀ ਨੂੰ ਪਸੰਦ ਕਰਨਗੇ। ਉਹ ਫ਼ਿਲਮ ‘ਚ ਆਪਣੀ ਲੁੱਕ ਨੂੰ ਲੈ ਕੇ ਬਹੁਤ ਖੁਸ਼ ਹੈ। ਇਸ ਫ਼ਿਲਮ ‘ਚ ਉਹਨਾਂ ਤੋਂ ਇਲਾਵਾ ਰਾਜੀਵ ਠਾਕੁਰ, ਯੁਵਰਾਜ ਹੰਸ ਅਤੇ ਪੰਜਾਬੀ ਗਾਇਕਾ ਨਿਮਰਤ ਖਹਿਰਾ ਵੀ ਨਜ਼ਰ ਆਵੇਗੀ। ਸਰਗੁਣ ਦਾ ਕਹਿਣਾ ਹੈ ਕਿ ਉਹ ਬੇਹੱਦ ਖੁਸ਼ ਹੈ ਕਿ ਉਸ ਦੀ ਹਰ ਫ਼ਿਲਮ ਨੂੰ ਮਣਾਂ ਮੂੰਹੀ ਪਿਆਰ ਮਿਲ ਰਿਹਾ ਹੈ। ਉਸ ਪੰਜਾਬੀ ਦੇ ਹਰ ਕਲਾਕਾਰ ਦਾ ਸਤਿਕਾਰ ਕਰਦੀ ਹੈ। ਉਸ ਦਾ ਮੁਕਾਬਲਾ ਸਿਰਫ ਨੀਰੂ ਬਾਜਵਾ ਨਾਲ ਨਹੀਂ ਬਲਕਿ ਹਰ ਕਲਾਕਾਰ ਨਾਲ ਹੈ। ਉਹ ਇਹੀ ਸੋਚੀ ਕੇ ਮਿਹਨਤ ਕਰਦੀ ਹੈ ਅਤੇ ਆਪਣੇ ਕੰਮ ਨਾਲ ਆਪਣੀ ਕਾਬਲੀਅਤ ਦਾ ਅਹਿਸਾਸ ਕਰਵਾ ਰਹੀ ਹੈ। ਉਹ ਕਦੇ ਕਿਸੇ ਨਾਲ ਰੰਜਿਸ਼ ਵੱਸ ਮੁਕਾਬਲਾ ਨਹੀਂ ਕਰਦੀ।
ਸਪਨ ਮਨਚੰਦਾ
95016 33900


