ਅਮਰਿੰਦਰ ਗਿੱਲ ਨੂੰ ਜਿਹੜੇ ਲੋਕ ਜਾਣਦੇ ਹਨ, ਉਹ ਬਿਨਾਂ ਸ਼ੱਕ ਕਾਰਜ ਗਿੱਲ ਨੂੰ ਵੀ ਜਾਣਦੇ ਹੀ ਹਨ। ਅਮਰਿੰਦਰ ਗਿੱਲ ਅੱਜ ਜਿਸ ਮੁਕਾਮ ‘ਤੇ ਹੈ, ਉਥੋਂ ਤੱਕ ਪਹੁੰਚਣ ਲਈ ਜੇ ਅਮਰਿੰਦਰ ਗਿੱਲ ਨੇ ਜੀਅ ਤੋੜ ਮਿਹਨਤ ਕੀਤੀ ਹੈ ਤਾਂ ਕਾਰਜ ਗਿੱਲ ਦੀ ਮਿਹਨਤ ਨੂੰ ਵੀ ਨਿਕਾਰਿਆ ਨਹੀਂ ਜਾ ਸਕਦਾ। ਅਮਰਿੰਦਰ ਅਤੇ ਕਾਰਜ ਮੁੱਢ ਤੋਂ ਹੀ ਇੱਕਠੇ ਹਨ। ਇੱਕਠੇ ਪੜ•ੇ, ਇੱਕਠੇ ਕਾਲਜ ਦੀ ਭੰਗੜਾ ਟੀਮ ਦਾ ਹਿੱਸਾ ਰਹੇ। ਇੱਕਠਿਆਂ ਨੇ ਹੀ ਚੰਗਾ, ਮਾੜਾ ਸਮਾਂ ਦੇਖਿਆ। ਕਾਰਜ ਕਦੇ ਅਮਰਿੰਦਰ ਨਾਲ ਉਸ ਦਾ ਮੈਨੇਜਰ ਬਣਕੇ ਖੜ•ਦਾ ਹੈ। ਕਦੇ ਭਰਾ ਦੀ ਭੂਮਿਕਾ ਨਿਭਾਉਂਦਾ ਹੈ ਤੇ ਕਦੇ ਉਸ ਦੇ ਕੰਮਮਾਜ ਦੇ ਕਰਤਾ ਧਰਤਾ ਵਜੋਂ ਵੱਡੇ ਵੱਡੇ ਫ਼ੈਸਲਾ ਲੈਂਦਾ ਹੈ। ਅਮਰਿੰਦਰ ਦੀ ਗਾਇਕੀ ਦੀ ਸ਼ੁਰੂਆਤ ਤੇ ਫ਼ਿਲਮੀ ਸਫ਼ਰ ਦੇ ਹਰ ਪਲ ਦੌਰਾਨ ਹਮੇਸ਼ਾ ਕਾਰਜ ਉਸ ਦੇ ਨਾਲ ਖੜ•ਾ ਹੈ। ਅਮਰਿੰਦਰ ਦੀ ਗੈਰ ਹਾਜ਼ਰੀ ‘ਚ ਕਾਰਜ ਗਿੱਲ ਉਸ ਦਾ ਹੀ ਰੂਪ ਹੁੰਦਾ ਹੈ। ਇਹ ਕਾਰਜ ਦੀ ਸਿਆਪਣ ਤੇ ਅਮਰਿੰਦਰ ਦਾ ਉਸ ‘ਤੇ ਵਿਸ਼ਵਾਸ਼ ਹੀ ਹੈ ਕਿ ਇਹ ਜੋੜੀ ਲਗਾਤਾਰ ਸਫ਼ਲਤਾ ਦੀ ਬੁਲੰਦੀ ‘ਤੇ ਬਣੀ ਹੋਈ ਹੈ। ਅਮਰਿੰਦਰ ਜੇ ਬੇਫਿਕਰ ਹੋ ਕੇ ਸੌਂਦਾ ਹੈ ਤਾਂ ਉਸ ਪਿਛੇ ਕਾਰਜ ਦੀ ਮਿਹਨਤ ਹੈ। ਜੇ ਕਾਰਜ, ਮੌਜਾ ਮਾਣਦਾ ਹੈ ਤਾਂ ਉਥੇ ਅਮਰਿੰਦਰ ਬੋਲ ਪਗਾਉਂਦਾ ਹੈ। ਇਸ ਜੋੜੀ ਨਾਲ ਜੁੜਿਆ ਤੀਜਾ ਨਾਂ ਅੰਬਰਦੀਪ ਜਿਥੇ ਆਪ ਉੱਚਾਈਆਂ ਛੁੰਹ ਰਿਹਾ ਹੈ, ਉਥੇ ਅਮਰਿੰਦਰ ਗਿੱਲ ਤੇ ਕਾਰਜ ਗਿੱਲ ਦੀਆਂ ਫ਼ਿਲਮਾਂ ਦੀ ਸਫ਼ਲਤਾ ਪਿੱਛੇ ਅਹਿਮ ਰੋਲ ਵੀ ਅਦਾ ਕਰ ਰਿਹਾ ਹੈ। ਗੋਰਿਆਂ ਨੂੰ ਦਫ਼ਾ ਕਰੋ ਫ਼ਿਲਮ ਨੇ ਨਾ ਕੇਵਲ ਨਵੇਂ ਅੰਜ਼ਾਮ ਸਿਰਜੇ ਬਲਕਿ ਅਮਰਿੰਦਰ ਤੇ ਕਾਰਜ ਦੀ ਜੋੜੀ ‘ਚ ਵਾਧਾ ਕਰਦਿਆਂ ਤੀਜਾ ਨਾਂ ਅੰਬਰਦੀਪ ਵੀ ਜੋੜਿਆ। ਇਸੇ ਤਿੱਕੜੀ ਦੀਆਂ ਅਗਲੀਆਂ ਫ਼ਿਲਮਾਂ ਅੰਗਰੇਜ ਅਤੇ ਲਵ ਪੰਜਾਬ ਨੇ ਸਫ਼ਲਤਾਂ ਦੇ ਨਵੇਂ ਮਾਪਦੰਡ ਸਿਰਜਦਿਆਂ ਪੰਜਾਬੀ ਸਿਨਮੇ ਦਾ ਪ੍ਰਚਾਰ ਤੇ ਪ੍ਰਸਾਰ ਤਾਂ ਕੀਤਾ ਹੀ ਬਲਕਿ ਪੰਜਾਬੀ ਸਿਨੇਮੇ ‘ਚ ਵਿਸ਼ਾ ਪੱਖ ਤੋਂ ਵੱਡਾ ਬਦਲਾਅ ਵੀ ਲਿਆਂਦਾ। ਹੁਣ ਅੰਬਰਦੀਪ ਸਿੰਘ ਲੇਖਕ ਤੋਂ ਨਿਰਦੇਸ਼ਕ ਬਣ ਗਿਆ ਅਤੇ ਕਾਰਜ ਗਿੱਲ ਨਿਰਮਾਤਾ।
ਅਮਰਿੰਦਰ, ਕਾਰਜ ਤੇ ਅੰਬਰਦੀਪ ਦੀ ਤਿੱਕੜੀ ਦੀ ਹੀ ਫ਼ਿਲਮ ‘ਲਹੌਰੀਏ’ 12 ਮਈ ਨੂੰ ਪਰਦਾਪੇਸ਼ ਹੋ ਰਹੀ ਹੈ। ਇਹ ਫ਼ਿਲਮ ਕਿਹੋ ਜਿਹੀ ਹੋਵੇਗੀ, ਇਹ 12 ਤੋਂ ਬਾਅਦ ਪਤਾ ਲੱਗੇਗਾ। ਪਰ ਇਸ ਤਿੱਕੜੀ ਦੀ ਮੈਨੇਜਮੈਂਟ ਜਾਂ ਕਹਿ ਲਵੋ ਪ੍ਰਬੰਧ ਸ਼ੈਲੀ ਨੇ ਵੱਡਿਆਂ ਵੱਡਿਆਂ ਨੂੰ ਮਾਤ ਪਾ ਦਿੱਤੀ ਹੈ। ਕਿਸੇ ਪ੍ਰਾਜੈਕਟ ਦੀ ਸਫ਼ਲਤਾ ਪਿੱਛੇ ਸਹੀ ਮੈਨੇਜਮੈਂਟ ਦਾ ਹੋਣਾ ਬੇਹੱਦ ਲਾਜ਼ਮੀ ਹੁੰਦਾ ਹੈ। ਅਕਸਰ ਲੋਕੀ ਕੈਮਰੇ ਸਾਹਮਣੇ ਖੜ•ੇ ਨੂੰ ਹੀ ਜਾਣਦੇ ਹੁੰਦੇ ਹਨ, ਪਰ ਕੈਮਰੇ ਮੂਹਰੇ ਖੜ•ੀ ਸ਼ਖ਼ਸੀਅਤ ਨੂੰ ਉਥੋਂ ਤੱਕ ਪਹੁੰਚਾਉਣ, ਉਸ ਨੂੰ ਸਹੀ ਤਰੀਕੇ ਨਾਲ ਲੋਕਾਂ ਸਾਹਮਣੇ ਲਿਆਉਣ ਵਾਲੇ ਅਕਸਰ ਚਰਚਾ ਦਾ ਹਿੱਸਾ ਵੀ ਨਹੀਂ ਬਣਦੇ। ਅਜਿਹੇ ‘ਚ ਅਜਿਹੇ ਲੋਕਾਂ ਦਾ ਜ਼ਿਕਰ ਕਰਨਾ ਬਣਦਾ ਹੈ, ਜੋ ਖੁਦ ਬੱਲੀ ਬਣਕੇ ਛੱਤ ਨੂੰ ਖੜੀ ਰੱਖਣ ਦਾ ਕੰਮ ਕਰਦੇ ਹਨ। ਟੀਮ ਵਰਕ ਕੀ ਹੁੰਦਾ ਹੈ, ਇਸ ਦੀ ਉਦਾਹਰਣ ਇਸ ਤੋਂ ਵੱਧ ਹੋਰ ਨਹੀਂ ਦਿੱਤੀ ਜਾ ਸਕਦੀ। ਪੰਜਾਬੀ ਸਿਨੇਮੇ ਨੂੰ ਇਸ ਵੇਲੇ ਸੱਚਮੁੱਚ ਅਜਿਹੀਆਂ ਟੀਮਾਂ ਦੀ ਜ਼ਰੂਰਤ ਹੈ।- Sapan Manchanda, 95016 33900