ਪੰਜਾਬੀਆਂ ਦਾ ਹਰਮਨ ਪਿਆਰਾ ਗਾਇਕ, ਗੀਤਕਾਰ, ਸੰਗੀਤਕਾਰ ਤੇ ਅਦਾਕਾਰ ਬੱਬੂ ਮਾਨ ਕੈਨੇਡਾ ‘ਚ ਟਰੱਕ ਚਲਾਉਂਦਾ ਨਜ਼ਰ ਆਵੇਗਾ। ਤੁਸੀਂ ਉਸ ਨੂੰ ਟਰੱਕ ਚਲਾਉਂਦੇ ਛੇਤੀ ਹੀ ਆਪਣੇ ਨੇੜਲੇ ਸਿਨੇਮਾਘਰ ‘ਚ ਦੇਖ ਸਕਦੇ ਹੋ। ਜੀ ਹਾਂ, ਬੱਬੂ ਮਾਨ ਆਪਣੀ ਨਵੀਂ ਫ਼ਿਲਮ ‘ਚ ਪੰਜਾਬ ਤੋਂ ਕੈਨੇਡਾ ਗਏ ਅਜਿਹੇ ਨੌਜਵਾਨ ਦੀ ਭੂਮਿਕਾ ਨਿਭਾ ਰਿਹਾ ਹੈ, ਜੋ ਉਥੇ ਟਰੱਕ ਚਲਾਉਂਦਾ ਹੈ। ਇਹ ਫ਼ਿਲਮ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਨੂੰ ਪਰਦੇ ‘ਤੇ ਪੇਸ਼ ਕਰੇਗੀ। ਫ਼ਿਲਮ ਦਾ ਟਾਈਟਲ ਫ਼ਿਲਹਾਲ ‘ਬਣਜਾਰਾ, ਦਾ ਟਰੱਕ ਡਰਾਈਵਰ’ ਸੋਚਿਆ ਗਿਆ ਹੈ, ਪਰ ਇਹ ਨਾਂ ਬਦਲਿਆ ਵੀ ਜਾ ਸਕਦਾ ਹੈ। ਫ਼ਿਲਮ ਦੀ ਹੀਰੋਇਨ ਛੋਟੇ ਪਰਦੇ ਦੀ ਚਰਚਿਤ ਅਦਾਕਾਰਾ ਸ਼ਰਧਾ ਆਰੀਆ ਹੈ। ਉਂਝ ਫ਼ਿਲਮ ‘ਚ ਦੋ ਹੀਰੋਇਨਾਂ ਹੋਰ ਵੀ ਹਨ। ਫ਼ਿਲਮ ਦੀ ਕਹਾਣੀ ਤੇ ਸਕਰੀਨਪਲੇ ਧੀਰਜ ਰਤਨ ਨੇ ਲਿਖਿਆ। ਫ਼ਿਲਮ ਦੇ ਸੰਵਾਦ ਸੁਰਮੀਤ ਮਾਵੀ ਨੇ ਲਿਖੇ ਹਨ। ਨਿਰਦੇਸ਼ਕ ਮੁਸਤਾਕ ਪਾਸ਼ਾ ਹੈ। ਫ਼ਿਲਮ ਦੇ ਨਿਰਮਾਤਾ ਦੇਸੀ ਬੇਟੀ ਰਿਕਾਰਡ ਵਾਲੇ ਰਾਣਾ ਅਹਲੂਵਾਲੀਆ ਅਤੇ ਉਹਨਾਂ ਦੀ ਟੀਮ ਹੈ। ਫ਼ਿਲਮ ਦਾ ਜ਼ਿਆਦਾਤਰ ਸ਼ੂਟ ਕੈਨੇਡਾ ‘ਚ ਹੋਵੇਗਾ, ਪਰ ਫ਼ਿਲਮ ਦਾ ਕੁਝ ਹਿੱਸਾ ਪੰਜਾਬ ‘ਚ ਵੀ ਫ਼ਿਲਮਾਇਆ ਜਾਵੇਗਾ। ਸਪਨ ਮਨਚੰਦਾ #Sapanmanchanda