ਨਿਸ਼ਾਨੇ ਤੋਂ ਖੁੰਝਿਆ ‘ਅਰਜਨ’

Posted on May 8th, 2017 in Movie Review

ਰੌਸ਼ਨ ਪ੍ਰਿੰਸ ਦੀ ਫ਼ਿਲਮ ਅਰਜਨ ਨੂੰ ਦਰਸ਼ਕਾਂ ਨੇ ਉਹ ਹੰਗਾਰਾ ਨਹੀਂ ਦਿੱਤਾ, ਜਿਸ ਦੀ ਫ਼ਿਲਮ ਦੀ ਟੀਮ ਆਸ ਲਾਈ ਬੈਠੀ ਸੀ। ਉਸ ਦੀ  ਬਤੌਰ  ਹੀਰੋ ਇਹ 10ਵੀਂ ਤੇ ਸੋਲੋ ਹੀਰੋ ਵਜੋਂ 6ਵੀਂ ਫ਼ਿਲਮ ਸੀ। ਰੌਸ਼ਨ ਦੀਆਂ ਇਹਨਾਂ ਫ਼ਿਲਮਾਂ ‘ਚੋਂ ਦਰਸ਼ਕਾਂ ਨੇ ਕਿਸੇ ਵੀ ਫ਼ਿਲਮ ਨੂੰ ਕੋਈ ਖ਼ਾਸ ਹੁੰਗਾਰਾ ਨਹੀਂ ਦਿੱਤਾ। ਕੀ ਦਰਸ਼ਕ ਰੌਸ਼ਨ ਨੂੰ ਹੀਰੋ ਵਜੋਂ ਸਵੀਕਾਰ ਨਹੀਂ ਕਰਦੇ ਜਾਂ ਫਿਰ ਹਰ ਨਿਰਦੇਸ਼ਕ ਤੇ ਕਹਾਣੀ ਵਾਲੇ ਪਾਸਿਓਂ ਖਾਮੀਆਂ ਰਹਿ ਜਾਂਦੀਆਂ ਹਨ? ਇਹ ਸੁਆਲ ਤਵੱਜੋਂ ਮੰਗਦਾ ਹੈ। ਪਰ ਅਸਫ਼ਲ ਫ਼ਿਲਮਾਂ ਦੇਣ ਦੇ ਬਾਵਜੂਦ ਰੌਸ਼ਨ ਲਗਾਤਾਰ ਫ਼ਿਲਮਾਂ ਕਰ ਰਿਹਾ ਹੈ। ਕੁਝ ਵੀ ਹੈ ਰੌਸ਼ਨ ਦੀ ਫ਼ਿਲਮ ਮੰਡੀ ‘ਚ ਡਿਮਾਂਡ ਤਾਂ ਹੈ ਪਰ ਉਸ ਦੇ ਫ਼ੈਸਲੇ ਗਲਤ ਹੁੰਦੇ ਹਨ।
Ðਰੌਸ਼ਨ ਦੀ ਇਸ ਫ਼ਿਲਮ ਦੀ ਕਹਾਣੀ ਮਨਦੀਪ ਸਿੰਘ ਨੇ ਲਿਖੀ ਹੈ। ਮਨਦੀਪ ਹੀ ਇਸ ਫ਼ਿਲਮ ਦਾ ਨਿਰਦੇਸ਼ਕ ਹੈ। ਫ਼ਿਲਮ ਦੀ ਹੀਰੋਇਨ ਬਾਸਕਟਬਾਲ ਤੇ ਨੈਟਬਾਲ ਦੀ ਕੌਮੀ ਖਿਡਾਰਨ ਪ੍ਰਾਚੀ ਤਹਿਲਨ ਹੈ। ਨਿਰਮਲ ਰਿਸ਼ੀ, ਸ਼ਵਿੰਦਰ ਮਾਹਲ, ਹੌਬੀ ਧਾਲੀਵਾਲ, ਬਨਿੰਦਰ ਬਨੀ, ਦੀਪ ਮਨਦੀਪ, ਨਿਹਾਲ ਪੁਰਬਾ ਤੇ ਜਰਨੈਲ ਸਿੰਘ ਫ਼ਿਲਮ ਦੇ ਬਾਕੀ ਮੁੱਖ ਪਾਤਰ ਹਨ। ਫ਼ਿਲਮ ਦੀ ਕਹਾਣੀ ਮਲੇਸ਼ੀਆ ਤੋਂ ਸ਼ੁਰੂ ਹੁੰਦੀ ਹੈ ਤੇ ਉਥੇ ਹੀ ਖ਼ਤਮ ਹੁੰਦੀ ਹੈ। ਮਲੇਸ਼ੀਆ ‘ਚ ਰਹਿ ਰਹੀ ਪੰਜਾਬੀ ਮੂਲ ਦੀ ਕੁੜੀ ਨਿੰਮੀ (ਪ੍ਰਾਚੀ ਤਹਿਲਨ) ਆਪਣੇ ਤਾਏ (ਸ਼ਵਿੰਦਰ ਮਾਹਲ) ਦੇ ਕਹਿਣ ‘ਤੇ ਪੰਜਾਬ ਦੇ ਕਿਸੇ ਮੁੰਡੇ ਨਾਲ ਵਿਆਹ ਕਰਵਾਉਣ ਲਈ ਪੰਜਾਬ ਆਪਣੀ ਮਾਸੀ ਕੋਲ ਆਉਂਦੀ ਹੈ। ਮਾਸੀ ਲਾਲਚ ਵੱਸ ਉਸ ਦਾ ਰਿਸ਼ਤਾ ਪਿੰਡ ਦੇ ਸਰਪੰਚ ਦੇ ਮੁੰਡੇ ( ) ਨਾਲ ਕਰਵਾ ਦਿੰਦੀ ਹੈ। ਨਿੰਮੀ ਵੀ ਇਹ ਰਿਸ਼ਤਾ ਮਨਜ਼ੂਰ ਕਰਦੀ ਹੈ, ਕਿਉਂਕਿ ਉਸ ਦੇ ਮਨਸੂਬੇ ਤਾਂ ਕੁਝ ਹੋਰ ਹਨ। ਇਥੇ ਹੀ ਉਸ ਦੀ ਮੁਲਾਕਾਤ ਉਸੇ ਪਿੰਡ ਦੇ ਮੁੰਡੇ ਅਰਜਨ ( ਰੌਸ਼ਨ ਪ੍ਰਿੰਸ) ਨਾਲ ਹੁੰਦੀ ਹੈ। ਅਰਜਨ ਆਰਥਿਕ ਪੱਖੋਂ ਤੰਗ ਹੈ। ਉਹ  ਪੈਸਿਆਂ ਖ਼ਾਤਰ ਹਰ ਕਿਸਮ ਦਾ ਕੰਮ ਕਰਨ ਲਈ ਤਿਆਰ ਰਹਿੰਦਾ ਹੈ। ਨਿੰਮੀ ਰੌਸ਼ਨ ਦੀ ਇਸੇ ਦੁੱਖਦੀ ਰਗ ‘ਤੇ ਹੱਥ ਰੱਖਦੀ ਹੈ ਤੇ ਉਸ ਨਾਲ ‘ਵਿਆਹ ਦੀ ਡੀਲ’ ਫ਼ਾਈਨਲ ਕਰਦੀ ਹੈ। ਨਿੰਮੀ ਨਾਲ ਮਲੇਸ਼ੀਆ ਪਹੁੰਚਿਆ ਅਰਜਨ ਜਦੋਂ ਨਿੰਮੀ ਦੀ ਸਾਰੀ ਚਾਲ ਤੋਂ ਵਾਕਫ਼ ਹੁੰਦਾ ਹੈ ਤਾਂ ਉਸਨੂੰ ਇਹ ਸੌਦਾ ਘਾਟੇ ਦਾ ਲੱਗਦਾ ਹੈ।  ਅਰਜਨ ਨਿੰਮੀ ਦੇ ਤਾਏ ਦੇ ਦਿਲ ‘ਚ ਜਗ•ਾ ਬਣਾ ਕੇ ਉਸ ਦੀ ਅੱਧੀ ਜਾਇਦਾਦ ਦਾ ਮਾਲਕ ਬਣਦਾ ਹੈ, ਜੋ ਨਿੰਮੀ ਨੂੰ ਮਨਜ਼ੂਰ ਨਹੀਂ। ਨਿੰਮੀ ਫਿਰ ਉਸ ਮਾਸੀ ਨਾਲ ਮਿਲ ਕੇ ਅਰਜਨ ਖ਼ਿਲਾਫ਼ ਡਰਾਮਾ ਰੱਚਦੀ ਹੈ, ਪਰ ਫ਼ਿਲਮ ਦੇ ਅੰਤ ‘ਚ ਉਹੀ ਹੁੰਦਾ ਹੈ ਜੋ ਅਕਸਰ ਫ਼ਿਲਮਾਂ ‘ਚ ਹੁੰਦਾ ਹੈ। ਮਤਲਬ ਕੁੜੀ, ਮੁੰਡੇ ਦਾ ਇਕ ਦਮ ਇਕ ਦੂਜੇ ਦੇ ਪਿਆਰ ‘ਚ ਪੈਣਾ ਤੇ ਫਿਰ ਸੁਖਾਵਾਂ ਅੰਤ।
ਫ਼ਿਲਮ ਦੀ ਕਹਾਣੀ ਭਾਵੇ ਹਿੰਦੀ ਫ਼ਿਲਮ ‘ਨਮਸਤੇ ਲੰਡਨ’ ਤੋਂ ਪ੍ਰਭਾਵਿਤ ਲੱਗਦੀ ਹੈ, ਪਰ ਪੰਜਾਬੀ ਲਈ ਕਹਾਣੀ ਜ਼ਰਾ ਵੱਖਰੀ ਹੈ। ਬਹੁਤ ਘੱਟ ਫ਼ਿਲਮਾਂ ‘ਚ ਅਜਿਹਾ ਦੇਖਣ ਨੂੰ ਮਿਲਿਆ ਹੈ ਕਿ ਕੁੜੀ ਅਤੇ ਮੁੰਡੇ ਦਾ ਅੰਤ ਤੱਕ ਟਕਰਾਅ ਰਹੇ। ਪਰ ਫ਼ਿਲਮ ਦੀ ਕਮਜ਼ੋਰ ਕੜੀ ਵੀ ਇਸ ਦਾ ਸਕਰੀਨਪਲੇ ਹੈ। ਪੂਰੀ ਦੀ ਪੂਰੀ ਕਹਾਣੀ ਫ਼ਿਲਮੀ ਹੈ,ਕਿਤੇ ਵੀ ਫ਼ਿਲਮ ਪੰਜਾਬ ਦੀਆਂ ਜੜ•ਾਂ ਨਾਲ ਨਹੀਂ ਜੁੜੀ ਹੋਈ। ਫ਼ਿਲਮ ਦਾ ਢਾਂਬਾ ਬੇਹੱਦ ਕਮਜ਼ੋਰ ਹੈ। ਫ਼ਿਲਮ ‘ਚ ਹੀਰੋਇਨ ਦਾ ਮਾਂ ਬਾਪ ਨਹੀਂ, ਸਾਰੀ ਜ਼ਿੰਮੇਵਾਰੀ ਤਾਏ ‘ਤੇ ਹੈ। ਕਿਉਂ?? ਮਾਂ ਬਾਪ ਨਾ ਹੋਣ ਦੀ ਕੋਈ ਵਜ•ਾ ਨਹੀਂ ਤੇ ਨਾ ਹੀ ਤਾਏ ਸਿਰ ਪਈ ਇਸ ਜ਼ਿੰਮੇਵਾਰੀ ਦੀ। ਦੂਜਾ ਅਜਿਹੇ ਚਾਚੇ ਤਾਏ ਕਿਥੇ ਹਨ ਕਿ ਕਹਿ ਦੇਣ ਜਾਹ ਭਾਈ ਕੁੜੀਏ ਪੰਜਾਬ ਚਲੀ ਜਾਹ ਤੇ ਲੱਭ ਲਿਆ ਆਪਣੇ ਪਸੰਦ ਦਾ ਮੁੰਡਾ। ਇਸ ਤਰ•ਾਂ ਦੇ ਡਰਾਮੇ ਕਦੇ ਵੀ ਪੰਜਾਬੀ ਦਰਸ਼ਕਾਂ ਨੂੰ ਹਜ਼ਮ ਨਹੀਂ ਆਏ। ਦੂਜੇ ਪਾਸੇ ਫ਼ਿਲਮ ਦਾ ਹੀਰੋ ਪੈਰ ਪੈਰ ‘ਤੇ ਸਮਝੌਤੇਬਾਜ਼ੀ ਕਰ ਰਿਹਾ। ਦਰਅਸਲ ਹੀਰੋ, ਹੀਰੋ ਵਜੋਂ ਉਭਰਿਆ ਹੀ ਨਹੀਂ। ਮਤਲਬ ਦੂਜੇ ਦਰਜੇ ਦਾ ਹੀਰੋ। ਦਰਸ਼ਕ ਫ਼ਿਲਮ ਨਾਲ ਰੀਲੇਟ ਹੀ ਨਹੀਂ ਕਰ ਪਾਉਂਦੇ। ਅਦਾਕਾਰੀ ਪੱਖੋਂ ਇਸ ਵਾਰ ਰੌਸ਼ਨ ਨੇ ਕੋਈ ਉਲਾਭਾ ਨਹੀਂ ਛੱਡਿਆ। ਰੌਸ਼ਨ ਦੀ ਕਿਸੇ ਫ਼ਿਲਮ ‘ਚ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਹੀਰੋਇਨ ਨੂੰ ਹੀਰੋ ਦੇ ਪੱਧਰ ਦੀ ਅਹਿਮੀਅਤ ਮਿਲੀ ਹੋਵੇਗੀ। ਨਵੀਂ ਕੁੜੀ ਪ੍ਰਾਚੀ ਤਹਿਨਲ ਨੇ ਆਪਣੇ ਆਪ ਨੂੰ ਸਾਬਤ ਕੀਤਾ ਹੈ। ਇੰਡਸਟਰੀ ਨੂੰ ਇਸ ਫ਼ਿਲਮ ਨੇ ਇਕ ਨਵੀਂ ਐਕਟਰਸ ਦੇ ਦਿੱਤੀ ਹੈ। ਨਿਰਮਲ ਰਿਸ਼ੀ ਬਹੁਤ ਲਾਊਂਡ ਹੈ, ਪਤਾ ਨਹੀਂ ਕਿਉਂ ਉਸ ਨੂੰ ਇਸ ਤਰ•ਾਂ ਹੀ ਪੇਸ਼ ਕੀਤਾ ਜਾਣ ਲੱਗ ਗਿਆ ਹੈ।  ਬੀਐਨ ਸ਼ਰਮਾ ਨੇ ਕਮਾਲ ਕਰ ਦਿੱਤੀ। ਬੀ  ਐਨ ਸ਼ਰਮਾ ਨੂੰ  ਹਰ ਵਾਰ ਭੰਡ ਹੀ ਸਮਝਿਆ ਜਾਂਦਾ ਹੈ। ਪਰ ਇਸ ਵਾਰ ਉਹਨਾਂ ਨੇ ਆਪਣੀ ਅਦਾਕਾਰੀ ਦਾ ਵੱਖਰਾ ਨਮੂਨਾ ਪੇਸ਼ ਕੀਤਾ, ਜੋ ਸਲਾਹਿਆ ਵੀ ਗਿਆ। ਨਿਰਦੇਸ਼ਕ ਨੇ ਇਹ ਡੇਰਿੰਗ ਕਦਮ ਚੁੱਕਿਆ। ਅਦਾਕਾਰੀ ਪੱਖੋਂ ਬਾਕੀ ਕਲਾਕਾਰ ਵੀ ਲਗਭਗ ਖ਼ਰੇ ਉਤਰੇ। ਫ਼ਿਲਮ ਦਾ ਸੰਗੀਤ ਵੀ ਮਾੜਾ ਨਹੀਂ ਕਿਹਾ ਜਾ ਸਕਦਾ। ਨੂਰਾ ਸਿਸਟਰ  ਅਤੇ ਨਿਮਰਤ ਖਹਿਰਾ ਦਾ ਗੀਤ ਫ਼ਿਲਮ ਦਾ ਹਾਸਲ ਹਨ। ਨਿਰਦੇਸ਼ਨ ਪੱਖੋਂ ਵੀ ਫ਼ਿਲਮ ਮਾੜੀ ਨਹੀਂ ਕਹੀ ਜਾ ਸਕਦੀ, ਪਰ ਬੈਂਕਰਾਊਂਡ ‘ਚ ਸਕਪਿਰਟ ਹੀ ਨਹੀਂ ਤਾਂ ਡਾਇਰੈਕਸ਼ਨ ਤੇ ਐਕਟਰ ਵੀ ਕਰੇਗਾ।
ਇਸ ਫ਼ਿਲਮ ਨੂੰ ਓਪਨਿੰਗ ਹੀ ਨਹੀਂ ਪਈ, ਭਾਵ ਦਰਸ਼ਕਾਂ ਨੇ ਫ਼ਿਲਮ ਨੂੰ ਨਾਕਾਰ ਦਿੱਤਾ। ਇਸ ਤੋਂ ਵੀ ਇਹ ਸਾਬਤ ਹੁੰਦਾ ਹੈ ਕਿ ਫ਼ਿਲਮ ‘ਚ ਲੱਖ ਖੂਬੀਆਂ ਹੋਣ, ਪਰ ਜਿੰਨਾ ਚਿਰ ਫ਼ਿਲਮ ਦੀ ਪਟਕਥਾ ਜ਼ਿੰਦਗੀ ਨਾਲ ਜੁੜਦੀ ਨਹੀਂ, ਓਨਾ ਚਿਰ ਫ਼ਿਲਮ ‘ਚ ਰਸ ਨਹੀਂ ਭਰਦਾ। ਦੂਜੇ ਪਾਸੇ ਫ਼ਿਲਮ ਦੇ ਪ੍ਰਚਾਰ ਦੌਰਾਨ ਫ਼ਿਲਮ ਦਾ ਹੀਰੋ ਹੀ ਗਾਇਬ ਸੀ। ਇਸ ਪਿੱਛੇ ਕੋਈ ਵੀ ਕਾਰਨ ਹੋਵੇ, ਪਰ ਜਨਤਕ ਤੌਰ ‘ਤੇ ਸਫ਼ਾਈ ਨਹੀਂ ਦਿੱਤੀ ਜਾ ਸਕਦੀ। ਇਹ ਨਿੱਕੀਆਂ ਨਿੱਕੀਆਂ ਗੱਲਾਂ ਹੀ ਕਿਸੇ ਫ਼ਿਲਮ ਨੂੰ ਵਿਗਾੜ ਦੀਆਂ ਤੇ ਬਣਾਉਂਦੀਆਂ ਹਨ। ਪੰਜਾਬੀ ਦਰਸ਼ਕ, ਪੰਜਾਬੀ ਫ਼ਿਲਮਾਂ ਦੇਖਣਾ ਚਾਹੁੰਦੇ ਹਨ, ਪੰਜਾਬੀ ਦੇ ਨਾਂ ‘ਤੇ ਮੁੰਬਈਆਂ ਫ਼ਿਲਮਾਂ ਨਹੀਂ। ਸਪਨ ਮਨਚੰਦਾ।

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?