ਉੱਘੇ ਨਾਟਕਕਾਰ ਤੇ ਲੇਖਕ ਜਗਦੀਸ਼ ਸੱਚਦੇਵਾ ਦੇ ਨਾਟਕ ‘ਸਾਵੀ’ ‘ਤੇ ਅਧਾਰਿਤ ਫ਼ਿਲਮ ‘ਸਾਵੀ’ 9 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਨੈਸ਼ਨਲ ਐਵਾਰਡ ਜੇਤੂ ਡਾਇਰੈਕਟਰ ਰਾਜੀਵ ਸ਼ਰਮਾ ਦੀ ਇਸ ਫ਼ਿਲਮ ‘ਚ ਜਸਪਿੰਦਰ ਚੀਮਾ ਤੇ ਅਸ਼ੀਸ਼ ਦੁੱਗਲ ਨੇ ਮੁੱਖ ਭੂਮਿਕਾ ਨਿਭਾਈ ਹੈ। ਉੱਘੀ ਅਦਾਕਾਰ ਨਿਰਮਲ ਰਿਸ਼ੀ, ਮਹਾਂਵੀਰ ਭੁੱਲਰ, ਦਲਜਿੰਦਰ ਬਸਰਾ, ਜੀਤ ਸੋਨੀ, ਮਨੀ ਬੋਪਾਰਾਏ ਤੇ ਰਾਜ ਧਾਲੀਵਾਲ ਨੇ ਅਹਿਮ ਭੂਮਿਕਾ ਅਦਾ ਕੀਤੀ ਹੈ ਨਿਰਮਾਤਾ ਭਾਨੂੰ ਸ਼ਰਮਾ ਦੀ ਇਸ ਫ਼ਿਲਮ ਦੇ ਡਾਇਲਾਗ ਬਲਵਿੰਦਰ ਗਰੇਵਾਲ ਤੇ ਆਰੀਅਨ ਸਕਸੈਨਾ ਨੇ ਲਿਖੇ ਹਨ। ਇਹ ਫ਼ਿਲਮ ਗੁੱਜਰ ਭਾਈਚਾਰੇ ਦੇ ਸੱਭਿਆਚਾਰ ‘ਤੇ ਅਧਾਰਿਤ ਹੈ। ਮੁਸਲਿਮ ਗੁੱਜਰ ਭਾਈਚਾਰੇ ‘ਚ ਅੱਜ ਵੀ ਬੱਟਾ ਸੱਟਾ ਦੇ ਤਹਿਤ ਵਿਆਹ ਹੁੰਦੇ ਹਨ। ਇਹ ਫ਼ਿਲਮ ਉਸੇ ਕਲਚਰ ਨੂੰ ਪਰਦੇ ‘ਤੇ ਲਿਆਵੇਗੀ। ਦੱਸ ਦਈਏ ਕਿ ਜਿਸ ਨਾਟਕ ‘ਤੇ ਇਹ ਫ਼ਿਲਮ ਬਣੀ ਹੈ, ਉਹ ਨਾਟਕ ਪਿਛਲੇ 65 ਸਾਲਾਂ ਤੋਂ ਖੇਡਿਆ ਜਾ ਰਿਹਾ ਹੈ। ਅੱਜ ਵੀ ਉਹ ਪੰਜਾਬੀ ਦੇ ਮੂਹਰਲੇ ਅੱਧੀ ਦਰਜਨ ਨਾਟਕਾਂ ‘ਚ ਸ਼ਾਮਲ ਹੈ। ਇਸ ਫ਼ਿਲਮ ਦੀ ਭਾਸ਼ਾ ਗੁੱਜਰਾਂ ਦੀ ਭਾਸ਼ਾ ਹੈ। ਯਾਨੀਕਿ ਪੰਜਾਬੀ ਅਤੇ ਹਿੰਦੀ ਦਾ ਮਿਲਗੋਭਾ ਹੈ। ਫ਼ਿਲਮ ਦੀ ਟੀਮ ਨੂੰ ਆਸ ਹੈ ਕਿ ਇਹ ਫ਼ਿਲਮ ਦਰਸ਼ਕਾਂ ਦੇ ਮਨੋਰੰਜਨ ਨਾਲ ਨਾਲ ਉਹਨਾਂ ਨੂੰ ਗੁੱਜਰ ਪਰਿਵਾਰ ਦੀਆਂ ਔਰਤਾਂ ਦੀ ਤ੍ਰਾਸਦੀ ਤੋਂ ਵੀ ਜਾਣੂ ਕਰਵਾਏਗੀ।


