ਤੇਜ਼ੀ ਦੇ ਨਾਲ ਮੁਕੰਮਲ ਕੀਤੀ ਜਾ ਰਹੀ ਪੰਜਾਬੀ ਫ਼ਿਲਮ ‘ਠੱਗ ਲਾਈਫ’ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਤਾਂ ਕਰੇਗੀ ਹੀ ਨਾਲ ਹੀ ਉਹਨਾਂ ਨੂੰ ਇਕ ਸਾਰਥਿਕ ਸੁਨੇਹਾ ਵੀ ਦੇਵੇਗੀ। ਫ਼ਿਲਮ ਦੀ ਸ਼ੂਟਿੰਗ ਚੰਡੀਗੜ• ਅਤੇ ਆਸ ਪਾਸ ਦੇ ਖ਼ੇਤਰਾਂ ‘ਚ ਕੀਤੀ ਜਾ ਰਹੀ ਹੈ। ‘ਤੇਗ ਪ੍ਰੋਡਕਸ਼ਨਸ’ ਦੇ ਬੈਨਰ ਹੇਠ ਬਣੀ ਨਿਰਮਾਤਾ ਤੇਗਵੀਰ ਸਿੰਘ ਤੇ ਚਰਨਜੀਤ ਸਿੰਘ ਵਾਲੀਆ ਦੀ ਇਸ ਫ਼ਿਲਮ ਦਾ ਨਿਰਦੇਸ਼ਕ ਮੁਕੇਸ਼ ਵੋਹਰਾ ਹੈ। ਉੱਘੇ ਕਾਮੇਡੀਅਨ ਤੇ ਲੇਖਕ ਮੁਕੇਸ਼ ਵੋਹਰਾ ਦੀ ਬਤੌਰ ਨਿਰਦੇਸ਼ਕ ਇਹ ਪਹਿਲੀ ਫ਼ਿਲਮ ਹੈ। ਇਸ ਫ਼ਿਲਮ ‘ਚ ਹਰੀਸ਼ ਵਰਮਾ, ਰਾਜੀਵ ਠਾਕੁਰ ਤੇ ਜਸ ਬਾਜਵਾ ਮੁੱਖ ਭੂਮਿਕਾ ਨਿਭਾ ਰਹੇ ਹਨ। ਪੰਜਾਬੀ ਗਾਇਕ ਜੱਸ ਬਾਜਵਾ ਦੀ ਅਦਾਕਾਰ ਵਜੋਂ ਇਹ ਪਹਿਲੀ ਫ਼ਿਲਮ ਹੈ। ਮੁਕੇਸ਼ ਵੋਹਰਾ ਦੀ ਹੀ ਲਿਖੀ ਇਸ ਫ਼ਿਲਮ ਦੀ ਹੀਰੋਇਨ ਖੂਬਸੂਰਤ ਮੁਟਿਆਰ ਇਹਾਨਾ ਢਿੱਲੋਂ ਹੈ। ਉਹਨਾਂ ਤੋਂ ਇਲਾਵਾ ਯੋਗਰਾਜ ਸਿੰਘ, ਕਰਮਜੀਤ ਅਨਮੋਲ ਤੇ ਅਨੀਤਾ ਦੇਵਗਨ ਸਮੇਤ ਕਈ ਚਰਚਿਤ ਚਿਹਰੇ ਫ਼ਿਲਮ ‘ਚ ਨਜ਼ਰ ਆਉਂਣਗੇ। ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਵੱਲੋਂ ਤਿਆਰ ਕੀਤਾ ਗਿਆ ਹੈ ਤੇ ਗੀਤ ਹੈਪੀ ਰਾਏਕੋਟੀ ਨੇ ਲਿਖੇ ਹਨ, ਜਿਨ•ਾਂ ਨੂੰ ਨਾਮੀਂ ਗਾਇਕਾਂ ਨੇ ਆਵਾਜ਼ ਦਿੱਤੀ ਹੈ। ਫ਼ਿਲਮ ਸਬੰਧੀ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਮੁਕੇਸ਼ ਵੋਹਰਾ ਨੇ ਦੱਸਿਆ ਕਿ ਇਹ ਫ਼ਿਲਮ ਕਾਮੇਡੀ ਦੇ ਨਾਲ ਨਾਲ ਦਰਸ਼ਕਾਂ ਨੂੰ ਇਕ ਸਾਰਥਿਕ ਸੁਨੇਹਾ ਵੀ ਦੇਵੇਗੀ। ਫ਼ਿਲਮ ਦਾ ਵਿਸ਼ਾ ਚਾਹੇ ਕਾਮੇਡੀ ਹੈ, ਪਰ ਇਹ ਫ਼ਿਲਮ ਪੰਜਾਬ ਦੇ ਨੌਜਵਾਨਾਂ ਦੀ ਹੋਣੀ ਵੀ ਬਿਆਨ ਕਰਦੀ ਹੈ। ਇਹ ਫ਼ਿਲਮ ਤਿੰਨ ਦੋਸਤਾਂ (ਹਰੀਸ਼, ਰਾਜੀਵ ਤੇ ਜਸ ਬਾਜਵਾ) ਦੀ ਕਹਾਣੀ ਹੈ। ਇਹ ਤਿੰਨੇ ਜਣੇ ਜ਼ਿੰਦਗੀ ‘ਚ ਕੁਝ ਬਣਨਾ ਚਾਹੁੰਦੇ ਹਨ। ਸਫ਼ਲ ਹੋਣ ਲਈ ਕੋਸ਼ਿਸ਼ਾਂ ਵੀ ਰਹੇ ਹਨ। ਇਹ ਤਿੰਨੇ ਠੱਗੀ ਵੀ ਮਾਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਜਦੋਂ ਇਹ ਜ਼ਿੰਦਗੀ ‘ਚ ਸੰਜੀਦਾ ਹੋ ਕੇ ਕੁਝ ਕਰਨ ਲੱਗਦੇ ਹਨ ਤਾਂ ਇਕ ਵੱਡੀ ਮੁਸ਼ਕਲ ‘ਚ ਫ਼ਸ ਜਾਂਦੇ ਹਨ। ਇਸ ਮੁਸ਼ਕਲ ‘ਚੋਂ ਨਿਕਲਣ ਅਤੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਧੌਣ ਲਈ ਇਹ ਸੰਘਰਸ਼ ਕਰਦੇ ਹਨ। ਇਹ ਫ਼ਿਲਮ ਇਨ•ਾਂ ਤਿੰਨਾਂ ਕਿਰਦਾਰਾਂ ‘ਤੇ ਹੀ ਟਿਕੀ ਹੋਈ ਹੈ। ਫ਼ਿਲਮ ‘ਚ ਦਰਸ਼ਕ ਪਿਓ -ਪੁੱਤ ਦੇ ਰਿਸ਼ਤੇ ਦੀ ਅਹਿਮੀਅਤ ਨੂੰ ਵੀ ਮਹਿਸੂਸ ਕਰਨਗੇ। 
ਫ਼ਿਲਮ ਦੇ ਹੀਰੋ ਹਰੀਸ਼ ਵਰਮਾ ਨੇ ਦੱਸਿਆ ਕਿ ਉਹ ਇਸ ‘ਚ ਐਮਐਲਏ ਨਾਂ ਦੇ ਨੌਜਵਾਨ ਦਾ ਕਿਰਦਾਰ ਅਦਾ ਕਰ ਰਿਹਾ ਹੈ, ਜੋ ਸਿਆਸਤਦਾਨ ਬਣਨਾ ਚਾਹੁੰਦਾ ਹੈ। ਭਾਸ਼ਣ ਦੇਣ ਦਾ ਸ਼ੌਕੀ ਇਹ ਨੌਜਵਾਨ ਕਈ ਦਫ਼ਾ ਪਿੰਡ ਵਾਲਿਆਂ ਲਈ ਮਜਾਕ ਦਾ ਪਾਤਰ ਬਣਦਾ ਹੈ। ਕਈ ਲੀਡਰਾਂ ਦੀਆਂ ਰੈਲੀਆਂ ‘ਚ ਸ਼ਾਮਲ ਹੁੰਦਾ ਹੈ, ਪਰ ਲੀਡਰ ਨਹੀਂ ਬਣ ਪਾਉਂਦਾ। ਪਰ ਇਕ ਦਿਨ ਉਹ ਅਜਿਹੀ ਮੁਸ਼ਕਲ ‘ਚ ਫ਼ਸ ਜਾਂਦਾ ਹੈ, ਜੋ ਉਸ ਦੀ ਪੂਰੀ ਜ਼ਿੰਦਗੀ ਨੂੰ ਹਿਲਾ ਕੇ ਰੱਖ ਦਿੰਦੀ ਹੈ। ਉੱਘਾ ਕਾਮੇਡੀਅਨ ਰਾਜੀਵ ਠਾਕੁਰ ਕਾਫ਼ੀ ਸਮੇਂ ਬਾਅਦ ਕਿਸੇ ਫ਼ਿਲਮ ‘ਚ ਇਕ ਦਮਦਾਰ ਕਿਰਦਾਰ ‘ਚ ਨਜ਼ਰ ਆਵੇਗਾ। ਉਹ ਇਸ ‘ਚ ਪਾਲੀ ਨਾਂ ਦੇ ਨੌਜਵਾਨ ਦਾ ਕਿਰਦਾਰ ਅਦਾ ਕਰ ਰਿਹਾ ਹੈ। ਉਸ ਦਾ ਇਹ ਕਿਰਦਾਰ ਦਿਲਚਸਪੀ ਭਰਪੂਰ ਹੈ। ਫ਼ਿਲਮ ਦੇ ਦੂਜੇ ਦੋ ਮੁੱਖ ਪਾਤਰਾਂ ਵਾਂਗ ਹੀ ਉਸ ‘ਤੇ ਬੰਬ ਧਮਾਕੇ ਦਾ ਦੋਸ਼ ਲੱਗਦਾ ਹੈ, ਜਿਸ ਨਾਲ ਉਸ ਦੀ ਹੱਸਦੀ ਵੱਸਦੀ ਜ਼ਿੰਦਗੀ ‘ਚ ਤੂਫ਼ਾਨ ਆਉਂਦਾ ਹੈ। ਰਾਜੀਵ ਮੁਤਾਬਕ ਦਰਸ਼ਕ ਪਹਿਲੀ ਵਾਰ ਉਸ ਨੂੰ ਇਸ ਤਰ•ਾਂ ਦੇ ਇਕ ਵੱਖਰੇ ਕਿਰਦਾਰ ‘ਚ ਦੇਖਣਗੇ। ਚਰਚਿਤ ਗਾਇਕ ਜੱਸ ਬਾਜਵਾ ਇਸ ਫ਼ਿਲਮ ‘ਚ ਜੱਸ ਦੇ ਨਾਂ ਨਾਲ ਹੀ ਦਿਖਾਈ ਦੇਵੇਗਾ। ਜਸ ਮੁਤਾਬਕ ਇਹ ਉਸ ਦੀ ਪਹਿਲੀ ਫ਼ਿਲਮ ਹੈ। ਫ਼ਿਲਮ ਦੀ ਸ਼ੁਰੂਆਤ ‘ਚ ਉਸ ਨੂੰ ਜ਼ਰੂਰ ਕਈ ਮੁਸ਼ਕਲਾਂ ਆਈਆਂ, ਪਰ ਬਾਅਦ ‘ਚ ਸਾਥੀ ਕਲਾਕਾਰਾਂ ਦੇ ਸਹਿਯੋਗ ਨਾਲ ਉਹ ਸਹਿਜ ਮਹਿਸੂਸ ਕਰਨਾ ਲੱਗਾ। ਜਸ ਮੁਤਾਬਕ ਉਸ ਦੀ ਗਾਇਕੀ ਵਾਂਗ ਦਰਸ਼ਕ ਉਸ ਦੀ ਅਦਾਕਾਰੀ ਨੂੰ ਵੀ ਪਸੰਦ ਕਰਨਗੇ। ਫ਼ਿਲਮ ਦੀ ਹੀਰੋਇਨ ਇਹਾਨਾ ਢਿੱਲੋਂ ਹੈ। ਉਸ ਫ਼ਿਲਮ ‘ਚ ਰੂਚੀ ਨਾਂ ਦੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ। ਤਿੰਨਾਂ ਨੌਜਵਾਨਾਂ ‘ਚੋਂ ਫ਼ਿਲਮ ‘ਚ ਉਸਦਾ ਹੀਰੋ ਕੌਣ ਹੋਵੇਗਾ, ਇਹ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।
ਆਸ਼ਿਮਾ ਸੱਚਦੇਵਾ


