in

  ਭੀੜ ਦਾ ਹਿੱਸਾ ਬਣਨ ਤੋਂ ਡਰਦਾ ਹਾਂ : ਦਵਿੰਦਰ ਗਿੱਲ

ਪੰਜਾਬੀ ਸੰਗੀਤ ਦੇ ਖ਼ੇਤਰ ‘ਚ ਇਸ ਵੇਲੇ ਗਾਇਕਾਂ ਦੀ ਭੀੜ ਪਈ ਹੋਈ ਹੈ। ਰੋਜ਼ਾਨਾ ਨਵੇਂ ਗਾਇਕ ਲਾਂਚ ਹੋ ਰਹੇ ਹਨ, ਪਰ ਇਹਨਾਂ ‘ਚੋਂ ਬਹੁਤੇ ਗਾਇਕ ਲੰਬੇ ਰਾਹ ਦੇ ਪਾਂਧੀ ਨਹੀਂ ਬਣ ਪਾਉਂਦੇ। ਲੰਬੇ ਰਾਹ ਦੇ ਪਾਂਧੀ ਸਿਰਫ਼ ਉਹੀ ਬਣਦੇ ਹਨ, ਜਿਹੜੇ ਰਿਆਜ ਵਾਲੀ ਭੱਠੀ ‘ਚ ਪੱਕ ਕੇ ਆਏ ਹੁੰਦੇ ਹਨ। ਪੰਜਾਬੀ ਗਾਇਕ ਦਵਿੰਦਰ ਗਿੱਲ ਉਹ ਗਾਇਕ ਹੈ, ਜਿਹੜਾ ਕਰੜੀ ਮਿਹਨਤ ਤੋਂ ਬਾਅਦ ਇਸ ਰਾਹ ਤੁਰਿਆ ਹੈ। ਦਵਿੰਦਰ ਪਿਛਲੇ ਕਈ ਸਾਲਾਂ ਤੋਂ ਨਿਰੰਤਰ ਆਪਣੇ ਸਰੋਤਿਆਂ ਦੀ ਝੋਲੀ ਕੋਈ ਨਾ ਕੋਈ ਗੀਤ ਪਾ ਰਿਹਾ ਹੈ। ਉਸ ਦਾ ਕੋਈ ਗੀਤ ਹੋਵੇ, ਨੌਜਵਾਨ ਝੱਟ ਮੋਬਾਇਲਾਂ ‘ਚ ਭਰ ਲੈਂਦੇ ਹਨ। ਉਸ ਦੇ ਗੀਤ ਟਰੈਕਟਰਾਂ ‘ਤੇ ਵੀ ਵੱਜਦੇ ਹਨ ਤੇ ਮਹਿੰਗੀਆਂ ਗੱਡੀਆਂ ‘ਚ ਵੀ। ਮਜੀਠਾ ਦੇ ਪਿੰਡ ਨਾਗ ਕਲਾਂ ਦਾ ਜੰਮਪਲ ਅਤੇ ਅਸ੍ਰਟੇਲੀਆ ‘ਚ ਰਹਿ ਰਿਹਾ ਦਵਿੰਦਰ ਅੱਜ ਕੱਲ• ਦੋਵਾਂ ਮੁਲਕਾਂ ‘ਚ ਨਾਮਣਾ ਖੱਟ ਰਿਹਾ ਹੈ। ਦਵਿੰਦਰ ਗਾਇਕੀ ‘ਚ ਆਉਣ ਤੋਂ ਪਹਿਲਾਂ ਗੀਤ ਲਿਖਦਾ ਸੀ। ਅੰਮ੍ਰਿਤਸਰ ਦੇ ਪੋਲੀਟੈਕਨਿਕ ਕਾਲਜ ਤੋਂ ਇੰਜੀਨਰਿੰਗ ਦੀ ਪੜ•ਾਈ ਕਰ ਚੁੱਕੇ ਦਵਿੰਦਰ ਨੇ ਦਰਜਨਾਂ ਗੀਤ ਲਿਖੇ।  ਇਹਨਾਂ ਗੀਤਾਂ ਨੂੰ ਲੈ ਕੇ ਉਸ ਨੇ ਕਈ ਗਾਇਕਾਂ ਦੇ ਘਰਾਂ, ਦਫ਼ਤਰਾਂ ਦੇ ਗੇੜੇ ਕੱਢੇ।  ਭਿੰਦੇ ਔਜਲੇ ਸਮੇਤ ਇਕ ਦੋ ਗਾਇਕਾਂ ਨੇ ਜ਼ਰੂਰ ਉਸਦੇ ਕੁਝ ਗੀਤ ਰਿਕਾਰਡ ਕੀਤੇ, ਪਰ ਹੋਰਾਂ ਨੇ ਕੋਈ ਰਾਹ ਨਹੀਂ ਦਿੱਤਾ।  ਦਵਿੰਦਰ ਦੇ ਕੁਝ ਦੋਸਤਾਂ ਨੇ ਸਲਾਹ ਦਿੱਤੀ ਕਿ ਹੋਰਾਂ ਨੁੰ ਗੀਤ ਦੇਣ ਦੀ ਥਾਂ ਉਹ ਖੁਦ ਰਿਆਜ ਕਰਕੇ ਗਾਇਕ ਕਿਉਂ ਨਹੀਂ ਬਣ ਜਾਂਦਾ। ਦਵਿੰਦਰ ਨੂੰ ਇਹ ਗੱਲ ਜਚੀ। ਆਵਾਜ਼ ਚੰਗੀ ਹੋਣ ਕਾਰਨ ਉਹ ਮਹੀਨਿਆਂ ‘ਚ ਹੀ ਗਾਉਣਾ ਸਿੱਖ ਗਿਆ। ਸਾਲ 2006 ‘ਚ ਉਹ ਪੇਂਡੂ ਮੇਲਿਆਂ ਦੀਆਂ ਸਟੇਜਾਂ ‘ਤੇ ਗਾਉਣ ਲੱਗਿਆ। ਸਾਲ 2007 ‘ਚ ਅਸ੍ਰਟੇਲੀਆ ਚਲਾ ਗਿਆ। ਕੁਝ ਸਾਲ ਗਾਇਕੀ ਤੋਂ ਦੂਰ ਰਹਿਣ ਤੋਂ ਬਾਅਦ ਉਹ ਸਾਲ 2011 ‘ਚ ਮੁੜ ਸਰਗਰਮ ਹੋਇਆ। ਸਾਲ 2012 ‘ਚ ਉਸ ਦੀ ਪਲੇਠੀ ਐਲਬਮ ‘ਅੱਖੀਆਂ’ ਰਿਲੀਜ਼ ਹੋਈ। ਇਸ ਕੈਸੇਟ ਵਿਚਲੇ ਸਾਰੇ ਗੀਤ ਉਸ ਨੇ ਖੁਦ ਲਿਖੇ। ਇਹਨਾਂ ‘ਚ ਤਿੰਨ ਗੀਤ ਅੱਖੀਆਂ, ਚੁਬਾਰਾ ਤੇ ਮਾਂ ਬੇਹੱਦ ਮਕਬੂਲ ਹੋਏ। ਸਾਲ 2013 ‘ਚ ਆਏ ਉਸ ਦੇ ਗੀਤ ‘ਖ਼ਾਲਸਾ ਕਾਲਜ’ ਨੇ ਉਸ ਨੂੰ ਇਸ ਖ਼ੇਤਰ ‘ਚ ਪੱਕੀ ਪਹਿਚਾਣ ਦਿਵਾਈ। ਉਸ ਦਾ ਗੀਤ ‘ਦਨੀਆਂ ਦੀਵਾਨੀ’ ਵੀ ਚੰਗਾ ਚੱਲਿਆ। ਅਸਟ੍ਰੇਲੀਆ ‘ਚ ਘਰੇਲੂ ਰੁਝੇਵਿਆਂ ‘ਚ ਫ਼ਸੇ ਹੋਣ ਦੇ ਬਾਵਜੂਦ ਵੀ ਉਸ ਨੇ ਗਾਇਕੀ ਨਾਲ ਲਗਾਤਾਰ ਰਾਬਤਾ ਬਣਾਇਆ ਹੋਇਆ ਹੈ। ਕੁਝ ਦਿਨ ਪਹਿਲਾਂ ਹੀ ਉਸ ਦਾ ਨਵਾਂ ਗੀਤ ‘ਗਾਂਧੀ ਵਾਲੇ ਨੋਟ’ ਆਇਆ ਹੈ। ਨਵੇਂ ਗੀਤਕਾਰ ਵਿੱਕੀ ਧਾਲੀਵਾਲ ਦਾ ਲਿਖਿਆ ਇਹ ਗੀਤ ਅੱਜ ਕੱਲ• ਨੌਜਵਾਨਾਂ ‘ਚ ਚੰਗਾ ਚੱਲ ਰਿਹਾ ਹੈ। ‘ਹਾਣੀ ਰਿਕਾਰਡਸ’ ਵੱਲੋਂ ਰਿਲੀਜ਼ ਕੀਤੇ ਗਏ ਇਸ ਗੀਤ ਦਾ ਵੀਡੀਓ ਪੰਕਜ ਵਰਮਾ ਨੇ ਬਣਾਇਆ ਹੈ। ਦਵਿੰਦਰ ਦੱਸਦਾ ਹੈ ਕਿ ਹੁਣ ਗਾਇਕੀ ਹਰਇਕ ਦੇ ਵੱਸਦੀ ਗੱਲ ਨਹੀਂ ਰਹੀ। ਹੁਣ ਇਕੋ ਗੀਤ ‘ਤੇ ਹੀ ਪੂਰੀ ਐਲਬਮ ਜਿਨ•ਾਂ ਖ਼ਰਚਾ ਆਉਂਦਾ ਹੈ। ਉਤੋਂ ਜਾਅਲੀ ਵੈਬਸਾਈਟਾਂ ਤੇ ਪਾਈਰੇਸੀ ਦੀ ਮਾਰ ਨੇ ਦੱਬਿਆ ਹੋਇਆ ਹੈ। ਉਸ ਮੁਤਾਬਕ  ਬੇਸ਼ੱਕ ਉਹ ਹੁਣ ਪੇਸ਼ਾਵਰ ਗਾਇਕ ਹੈ, ਪਰ ਗਾਇਕੀ ਦੇ ਸਿਰ ‘ਤੇ ਘਰ ਚਲਾਉਣਾ ਸੌਖਾ ਕੰਮ ਨਹੀਂ। ਪੰਜਾਬੀ ਦੇ ਕੁਝ ਕੁ ਗਾਇਕ ਹੀ ਹਨ, ਜਿਨ•ਾਂ ਗਾਇਕੀ ਸਦਕਾ ਚੰਗੇ ਘਰ ਬਾਰ ਬਣਾਏ ਹਨ। ਆਪਣੇ ਇਸ ਨਵੇਂ ਗੀਤ ‘ਗਾਂਧੀ ਵਾਲੇ ਨੋਟ’ ਦੀ ਸਫਲਤਾ ਤੋਂ ਖੁਸ਼ ਦਵਿੰਦਰ ਛੇਤੀ ਹੀ ਦੋ ਹੋਰ ਗੀਤ ਲੋਕਾਂ ਦੀ ਕਚਾਹਿਰੀ ‘ਚ ਪੇਸ਼ ਕਰ ਰਿਹਾ ਹੈ। ਦਵਿੰਦਰ ਮੁਤਾਬਕ ਉਹ ਭੀੜ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ, ਇਸ ਲਈ ਉਹ ਗਿਣਤੀ ਨਾਲੋਂ ਮਿਆਰ ਵੱਲ ਜ਼ਿਆਦਾ ਧਿਆਨ ਦਿੰਦਾ ਹੈ। ਹੋਰਾਂ ਵਾਂਗ ਉਸ ਨੂੰ ਵੀ ਫ਼ਿਲਮਾਂ ਦੀਆਂ ਆਫ਼ਰਾਂ ਆ ਰਹੀਆਂ ਹਨ, ਪਰ ਉਹ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਣਾ ਚਾਹੁੰਦਾ, ਜਿਸ ਨਾਲ ਉਸਦਾ ਵਜੂਦ ਖ਼ਤਰੇ ‘ਚ ਪੈ ਜਾਵੇ। ਫ਼ਿਲਹਾਲ ਉਸ ਦਾ ਸਾਰਾ ਧਿਆਨ ਗਾਇਕੀ ਵੱਲ ਹੀ ਹੈ। ਉਂਝ ਇਕ ਦੋ ਫ਼ਿਲਮਾਂ ‘ਚ ਉਸਦੇ ਗੀਤ ਜ਼ਰੂਰ ਸੁਣਨ ਨੂੰ ਮਿਲਣਗੇ।
ਆਸ਼ਿਮਾ ਸੱਚਦੇਵਾ
73072 66783

Leave a Reply

Your email address will not be published. Required fields are marked *

ਇੰਝ ਸਿੱਖੀ ਐਮੀ ਵਿਰਕ ਨੇ ਕਤਲ ਦੀ ‘ਤਫ਼ਤੀਸ਼’ ਕਰਨੀ

ਇਹ ਹੈ ਸਾਬ• ਬਹਾਦਰ ਦੀ ‘ਥਾਣੇਦਾਰਨੀ’