in

‘ਅੰਡ ਮੰਡ ਕਾ ਟੋਲਾ’ ਤੋਂ ‘ਚੰਨਾ ਮੇਰਿਆ’ ਤੱਕ ਇੰਝ ਪਹੁੰਚਿਆ ਨਿੰਜਾ

ਅਗਲੇ ਮਹੀਨੇ 14 ਜੁਲਾਈ ਨੂੰ ਪੰਜਾਬੀ ਗਾਇਕ ਨਿੰਜਾ ਦੀ ਪਹਿਲੀ ਫ਼ਿਲਮ ‘ਚੰਨਾ ਮੇਰਿਆ’ ਪਰਦਾਪੇਸ਼ ਹੋ ਰਹੀ ਹੈ। ਨਿਰਦੇਸ਼ਕ ਪੰਕਜ ਬਤਰਾ ਦੀ ਇਹ ਫ਼ਿਲਮ ਮਰਾਠੀ ਫ਼ਿਲਮ ‘ਸਾਰਾਟ’ ਦਾ ਅਧਿਕਾਰਤ ਰੀਮੇਕ ਹੈ। ਨਿੰਜਾ ਇਸ ਫ਼ਿਲਮ ਨਾਲ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਉਹ ਇਸ ‘ਚ ਜਗਤਾ ਨਾਂ ਦੇ ਇਕ ਮੱਧਵਰਗੀ ਪਰਿਵਾਰ ਦੇ ਮੁੰਡੇ ਦਾ ਕਿਰਦਾਰ ਨਿਭਾ ਰਿਹਾ ਹੈ। ਇਸ ਫ਼ਿਲਮ ਦਾ ਜਦੋਂ ਮੈਂ ਟ੍ਰੇਲਰ ਦੇਖ ਰਿਹਾ ਸੀ ਤਾਂ ਨਿੰਜੇ ਦਾ ਹੁਣ ਤੱਕ ਸਫ਼ਰ ਤੇ ਸੰਘਰਸ਼ ਚੇਤਿਆਂ ਦੀ ਸਲੇਟ ‘ਤੇ ਉੱਕਰ ਗਿਆ। ਲੁਧਿਆਣਾ ਦਾ ਇਕ ਢਿੱਡਲ ਜਿਹਾ ਮੁੰਡਾ ਅੰਮ੍ਰਿਤ ਭੱਲਾ ਇਕ ਦਿਨ ਨਿੰਜਾ ਬਣ ਲੱਖਾਂ ਦਿਲਾਂ ‘ਚ ਵੱਸੇਗਾ, ਇਹ ਗੱਲ ਸ਼ਾਇਦ ਕਿਸੇ ਨੇ ਨਹੀਂ ਸੋਚੀ ਸੀ। ਨਿੰਜੇ ਦੇ ਅੰਦਰ ਜੋ ਚੱਲ ਰਿਹਾ ਸੀ, ਉਹ ਸਿਰਫ ਉਹੀ ਜਾਣਦਾ ਸੀ ਜਾਂ ਫਿਰ ਅਕਾਲ ਪੁਰਖ।
ਉਸ ਦੇ ਹੁਣ ਤੱਕ ਦੇ ਸਫ਼ਰ ‘ਤੇ ਨਜ਼ਰਸਾਨੀ ਕਰਦਿਆਂ ਪਤਾ ਲੱਗਦਾ ਹੈ ਕਿ ਉਹ ਅਸਲ ਜ਼ਿੰਦਗੀ ‘ਚ ਵੀ ਨਾਇਕ ਹੈ, ਜੋ ਹਾਲਤਾਂ ਨਾਲ ਲੜਦਾ ਹੋਇਆ ਆਪਣੀ ਕਿਸਮਤ ਖੁਦ ਲਿਖਦਾ ਹੈ।  ਨਿੰਜੇ ਨੂੰ ਗਾਉਣ ਦਾ ਸ਼ੌਕ ਮੁੱਢ ਤੋਂ ਹੀ ਸੀ, ਪਰ ਘਰ ਦੀ ਆਰਥਿਕ ਹਾਲਤ ਨੇ ਉਸ ਨੂੰ ਉੱਠਣ ਨਾ ਦਿੱਤਾ। ਹੁਨਰ ਨਾਲ ਭਰਿਆ ਇਹ ਮੁੰਡਾ ਕਦੇ ਕਾਲਜ ਦੇ ਵਿਦਿਆਰਥੀਆਂ ਨੂੰ ਯੂਥ ਫ਼ੈਸਟੀਵਲਾਂ ਲਈ ਤਿਆਰ ਕਰਦਾ, ਕਦੇ ਭੰਗੜੇ ਦੀ ਟੀਮ ਨਾਲ ਬੋਲੀਆਂ ਪਾਉਂਦਾ ਤੇ ਕਦੇ ਰੋਜੀ ਰੋਟੀ ਖ਼ਾਤਰ ਹੋਰ ਓਹੜ ਪੋਹੜ ਕਰਦਾ। ਜ਼ਿੰਦਗੀ ‘ਚ ਅੱਗੇ ਵਧਣ ਲਈ ਉਸ ਨੂੰ ਪੈਸਿਆਂ ਦੀ ਲੋੜ ਸੀ ਤੇ ਪੈਸਿਆਂ ਖ਼ਾਤਰ ਉਹ ਹਰ ਛੋਟੇ ਤੋਂ ਛੋਟਾ ਕੰਮ ਕਰਨ ਲਈ ਤਿਆਰ ਸੀ। ਗਾਇਕੀ ਦੇ ਰਾਹ ਪਾਉਣ ਲਈ ਉਹ ਕਦੇ ਕਿਸੇ ਦੀ ਮਿਨਤ ਕੱਢਦਾ ਤੇ ਕਦੇ ਕਿਸੇ ਦਾ ਤਰਲਾ, ਪਰ ਬਹੁਤੇ ਲੋਕਾਂ ਨੇ ਉਸ ਨੂੰ ਸੀਰੀਅਸ ਲਿਆ ਹੀ ਨਹੀਂ। ਬਥੇਰੇ ਲੋਕਾਂ ਨੇ ਉਸ ਤੋਂ ਕੰਮ ਕਢਵਾਏ, ਪਰ ਖੁਦ ਉਸ ਦੇ ਕੰਮ ਨਹੀਂ ਆਏ।
ਉਸ ਸਮੇਂ ਦੇ ਇਕ ਮਸ਼ਹੂਰ ਗਾਇਕ ਨੇ ਉਸ ਨੂੰ ਚੰਗਾ ਰਗੜਿਆ। ਨਿੰਜਾ ਦੱਸਦਾ ਹੈ ਕਿ ਉਸ ਗਾਇਕ ਨੇ ਉਸ ਨੂੰ ਸੁਪਨੇ ਦਿਖਾਏ। ਉਹ ਗਾਇਕ ਮਹਿਫ਼ਲ ‘ਚ ਬੈਠਿਆਂ ਨਿੰਜੇ ਨੂੰ ਕਈ ਵਾਰ ਅੱਧੀ ਰਾਤ ਨੂੰ ਉਠ ਕੇ ਫ਼ੋਨ ‘ਤੇ ਗੀਤ ਸੁਣਾਉਣ ਲਈ ਕਹਿੰਦਾ। ਕਦੇ ਮੁਹਾਲੀ ਆ ਕੇ ਮਿਲਣ ਲਈ ਕਹਿੰਦਾ। ਉਹ ਆਪਣੇ ਦੋਸਤ ਦਾਰੇ ਦੀ ਮੰਮੀ ਤੋਂ ਕਿਰਾਏ ਜੋਗੇ ਪੈਸੇ ਲੈਂਦਾ ‘ਤੇ ਮੁਹਾਲੀ ਆ ਜਾਂਦਾ।  ਉਹ ਨਾਮੀਂ ਗਾਇਕ ਆਪਣੇ ਦੋਸਤਾਂ ਦੀ ਮਹਿਫ਼ਲ ‘ਚ ਟੱਲੀ ਹੋਇਆ ਨਿੰਜੇ ਨੂੰ ਗੀਤ ਸੁਣਾਉਣ ਲਈ ਕਹਿੰਦਾ। ਉਸ ਗਾਇਕ ਨੇ ਨਿੰਜੇ ਤੋਂ ਆਪਣੀ ਪੂਰੀ ਟਹਿਲ ਸੇਵਾ ਕਰਵਾਈ। ਇਹ ਨਿੰਜਾ ਹੀ ਜਾਣਦਾ ਹੈ ਕਿ ਉਸ ਨੇ ਉਹ ਦੌਰ ਕਿਵੇਂ ਹੰਢਾਇਆ। ਕਹਿੰਦੇ ਹਨ ਕਿ ਕੁਦਰਤ ਹਰ ਮਿਹਨਤੀ ਬੰਦੇ ਨੂੰ ਅੱਗੇ ਆਉਣ ਦਾ ਮੌਕਾ ਜ਼ਰੂਰ ਦਿੰਦੀ ਹੈ। ਇਸ ਦਰਮਿਆਨ ਹੀ ਨਿੰਜੇ ਤੇ ਉਮੇਸ਼ ਕਰਮਾਵਾਲਾ ਦੀ ਮੁਲਾਕਾਤ ਹੋਈ। ਨਿੰਜੇ ਨੇ ਉਮੇਸ਼ ਨੂੰ ਕਿਤੇ ਪੰਜ ਸੱਤ ਹਜ਼ਾਰ ਦੀ ਨੌਕਰੀ ਦਿਵਾਉਣ ਲਈ ਕਿਹਾ। ਉਨ•ਾਂ ਦਿਨਾਂ ‘ਚ ਉਮੇਸ਼ ਵੀ ਆਰਥਿਕ ਪੱਖੋਂ ਤੰਗ ਹੀ ਸੀ। ਚਲੋ, ਦੋਵਾਂ ਨੇ ਇੱਕਠੇ ਕੰਮ ਕਰਨ ਦਾ ਫ਼ੈਸਲਾ ਲਿਆ। ਦੋਵੇਂ ਸਿਰਫਰਿਆਂ ਵਾਂਗ ਤੁਰ ਪਏ ਸੁਪਨੇ ਪੂਰੇ ਕਰਨ। ਇਸ ਦੌਰਾਨ ਨਿੰਜੇ ਨੇ ਮਿਹਨਤ ਦੇ ਨਾਲ ਨਾਲ ਰਿਆਜ਼ ਤੇ ਜਿੰਮ ਜਾਰੀ ਰੱਖੀ।  ਜੂਨ 2013 ‘ਚ ਨਿੰਜਾ ਪੱਕੇ ਤੌਰ ‘ਤੇ ਉਮੇਸ਼ ਦੇ ਘਰ ਆ ਟਿਕਿਆ।  ਅਗਾਂਹ ਦੀ ਅਗਾਂਹ ਰਾਹ ਲੱਭ ਕੇ ਦੋਵੇਂ ਦਿੱਲੀ ਸੰਗੀਤਕਾਰ ਕੁੰਵਰ ਵਿਰਕ ਕੋਲ ਚਲੇ ਗਏ।  ਉਸ ਦੇ ਸੰਗੀਤ ‘ਚ ਹੀ ਨਿੰਜੇ ਦਾ ਪਹਿਲਾ ਗੀਤ ‘ਅੰਡ ਮੰਡ ਕਾ ਟੋਲਾ’ ਆਇਆ। ਇਹ ਗੀਤ ਫ਼ਲਾਪ ਹੋ ਗਿਆ। ਗੀਤ ਗਾਉਣ ਤੋਂ ਬਾਅਦ ਪਤਾ ਲੱਗਾ ਕਿ ਇਹ ਗੀਤ ਤਾਂ ਪਹਿਲਾਂ ਹੀ ਕਿਸੇ ਦਾ ਕੰਪੋਜ਼ ਕੀਤਾ ਗਿਆ ਹੈ।  ਗੀਤ ਤਾਂ ਫ਼ਲਾਪ ਹੋਇਆ ਹੀ ਉਤੋਂ ਇਸ ਗੀਤ ਦੇ ਪਹਿਲਾ ਹੱਕਦਾਰ ਅੱਗੇ ਵੀ ਜੇਬ ਖਾਲੀ ਕਰਨੀ ਪਈ। ਐਲਬਮ ਦਾ ਕੰਮ ਵਿੱਚੇ ਰਹਿ ਗਿਆ । ਵਕਤ ਆਪਣੀ ਚਾਲ ਚੱਲਦਾ ਗਿਆ। ਦੋਵਾਂ ਨੇ ਹਾਰ ਨਹੀਂ ਮੰਨੀ, ਹੌਂਸਲੇ ਨਾਲ ਅੱਗੇ ਵੱਧਦੇ ਗਏ।  ਨਿੰਜੇ ਕੋਲ ‘ਪਿੰਡਾਂ ਵਾਲੇ ਜੱਟ ਗੀਤ ਦਾ ਅੰਤਰਾ ਤੇ ਸਥਾਈ ਪਿਆ ਸੀ। ਇਹ ਗੀਤ ਉਸ ਦੀ ਐਲਬਮ ਦਾ ਆਖਰੀ ਗੀਤ ਸੀ।  ਬਲਜਿੰਦਰ ਮਹੰਤ ਦੇ ਕਹਿਣ ‘ਤੇ ਨਿੰਜਾ ਤੇ ਉਮੇਸ਼ ਦਿੱਲੀ ਮਿਊਜ਼ਿਕ ਡਾਇਰੈਕਟਰ ਜੇਐਸਐਲ ਨੂੰ ਮਿਲੇ।  ਜੇਐਸਐਲ ਨੇ ਇਸ ਗੀਤ ਦਾ ਅੰਤਰਾ ਸੁਣਦਿਆਂ ਇਸ ਦੇ ਗੀਤਕਾਰ ਸਲੱਖਣ ਚੀਮਾ ਤੋਂ ਪੂਰਾ ਗੀਤ ਮੰਗਵਾਉਣ ਲਈ ਕਿਹਾ।  ਗੀਤ ਮਿਲਦਿਆਂ ਹੀ ਕਰੀਬ ਇਕ ਘੰਟੇ ‘ਚ ਉਸ ਨੇ ਗੀਤ ਤਿਆਰ ਕਰ ਦਿੱਤਾ। ‘ਤੇਰਾ ਚੰਡੀਗੜ• ਹੋਜੂ ਜਵਾਂ ਸੰਨਾ ਜੇ ਪਿੰਡਾਂ ਵਾਲੇ ਜੱਟ ਮੁੜਗੇ”।  ਵਿਕਸੀ ਨੇ ਇਸ ਗੀਤ ਦੀ ਵੀਡੀਓ ਬਣਾਈ। ਬੱਸ ਇਸ ਗੀਤ ਨੇ ਦੋਵਾਂ ਦੀ ਕਿਸਮਤ ਬਦਲ ਦਿੱਤੀ। ਇਸ ਗੀਤ ਦੇ ਹਿੱਟ ਹੋਣ ਤੋਂ ਬਾਅਦ ਉਸ ਐਲਬਮ ਦੇ ਪਹਿਲੇ 5 ਗੀਤ ਰਿਲੀਜ਼ ਹੀ ਨਹੀਂ ਕੀਤੇ ਗਏ। ਨਿੰਜਾ ਅੰਮ੍ਰਿਤ ਭੱਲਾ  ਤੋਂ ਚਰਚਿਤ ਗਾਇਕ ਨਿੰਜਾ ਬਣ ਗਿਆ। ਇਸ ਮਗਰੋਂ ਦੋਵਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਪਹਿਲਾਂ ਕਰਜ਼ੇ ਲਾਹੇ ਤੇ ਫਿਰ ਘਰ ਪਰਿਵਾਰ ਸੈੱਟ ਕੀਤੇ।  ਸਾਲ 2015 ‘ਚ ਨਿੰਜੇ ਦੀ ਕਿਸਮਤ ਬਦਲ ਗਈ। ਇਸ ਮਗਰੋਂ ਉਸ ਦਾ ਹਰ ਗੀਤ ਹਿੱਟ ਰਿਹਾ। ਚਾਹੇ ਉਹ ਗੀਤ ਤੇਰੀ ਭਾਬੀ, ਠੋਕਦਾ ਰਿਹਾ ਜਾਂ ਫਿਰ ਕਿੰਨਾ ਪਿਆਰ ਸੀ ਨਾਲ ਤੇਰੇ, ਸਭ ਗੀਤ ਸਰੋਤਿਆਂ ਦੀ ਕਸਵੱਟੀ ‘ਤੇ ਖਰੇ ਉਤਰੇ। ਸਮਾਂ ਬਦਲਿਆ ਤਾਂ ਉਹ ਲੋਕ ਵੀ ਬਦਲ ਗਏ ਜਿਹੜੇ ਨਿੰਜੇ ਨੂੰ ਟਿੱਚ ਜਾਣਦੇ ਸਨ,  ਪਰ ਠੇਢੇ ਖਾ ਖਾ ਸਿਆਣਾ ਹੋ ਚੁੱਕਾ ਨਿੰਜਾ ਚੁੱਪ ਚਾਪ ਆਪਣਾ ਕੰਮ ਕਰਦਾ ਗਿਆ।  ਗਾਇਕੀ ‘ਚ ਸਫ਼ਲ ਨਿੰਜੇ ਕੋਲ ਫ਼ਿਲਮਾਂ ਦੀਆਂ ਪੇਸ਼ਕਸ਼ਾਂ ਆਉਣ ਲੱਗੀਆਂ, ਪਰ ਉਹ ਕਾਹਲੀ ‘ਚ ਕੁਝ ਨਹੀਂ ਕਰਨਾ ਚਾਹੁੰਦਾ ਸੀ।  ਇਕ ਦਿਨ ਉਮੇਸ਼ ਦੀ ਮੁਲਾਕਾਤ ਵਾਈਟ ਹਿੱਲ ਸਟੂਡੀਓ ਦੇ ਮਾਲਕ ਗੁਨਬੀਰ ਸਿੰਘ ਸਿੱਧੂ ਤੇ ਮਨਮੋੜ ਸਿੱਧੂ ਨਾਲ ਹੋਈ। ਉਹਨਾਂ ਉਮੇਸ਼ ਅੱਗੇ ਨਿੰਜੇ ਨੂੰ ਆਪਣੀ ਅਗਲੀ ਫ਼ਿਲਮ ‘ਚ ਲੈਣ ਦੀ ਇੱਛਾ ਯਤਾਈ, ਪਰ ਦੋਵਾਂ ‘ਚ ਵਿੱਤੀ ਸਹਿਮਤੀ ਨਹੀਂ ਬਣੀ।  ਗੁਨਬੀਰ ਨੇ ਹੱਥ ਖੜ•ੇ ਕਰ ਦਿੱਤੇ ਕਿ ਨਿੰਜਾ ਉਸ ਦੀ ਫ਼ਿਲਮ ‘ਚ ਕੰਮ ਨਹੀਂ ਕਰ ਸਕਦਾ। ‘ਚੰਨਾ ਮੇਰਿਆ’ ਦਾ ਨਿਰਦੇਸ਼ਕ ਪੰਕਜ ਬਤਰਾ ਅੜ ਗਿਆ ਕਿ ਇਸ ਫ਼ਿਲਮ ਲਈ ਨਿੰਜੇ ਨੂੰ ਹੀ ਲੈਣਾ ਹੈ। ਜਦੋਂ ਉਸ ਨੇ ਉਮੇਸ਼ ਤੇ ਨਿੰਜੇ ਨੂੰ ਫ਼ਿਲਮ ਦੀ ਸਟੋਰੀ ਸਣਾਈ ਤਾਂ ਉਹਨਾਂ ਨੂੰ ਵੀ ਵਿਸ਼ਾ ਪਸੰਦ ਆਇਆ। ਖੈਰ ਕੁਝ ਸਾਂਝੀਆਂ ਸ਼ਰਤਾਂ ਤੋਂ ਬਾਅਦ ਇਹ ਫ਼ਿਲਮ ਸਾਈਨ ਹੋ ਗਈ। ਨਿੰਜਾ ਇਸ ਫ਼ਿਲਮ ‘ਚ ਜਗਤੇ ਨਾਂ ਦੇ ਮੁੰਡੇ ਦਾ ਕਿਰਦਾਰ ਨਿਭਾ ਰਿਹਾ ਹੈ, ਜਿਸ ਨੂੰ ਇਕ ਐਮਐਲਏ ਦੀ ਕੁੜੀ ਨਾਲ ਪਿਆਰ ਹੋ ਜਾਂਦਾ ਹੈ। ਨਿੰਜੇ ਦਾ ਬਾਪ ਇਸੇ ਐਮਐਲਏ ਦੀ ਜ਼ਮੀਨ ਠੇਕੇ ‘ਤੇ ਲੈ ਕੇ ਖੇਤੀ ਕਰਦਾ ਹੈ। ਦੋਵਾਂ ਪਰਿਵਾਰਾਂ ਦਾ ਆਰਥਿਕ ਪਾੜਾ ਉਹਨਾਂ ਦੇ ਪਿਆਰ ‘ਚ ਰੁਕਾਵਟ ਬਣਦਾ ਹੈ।


ਨਿੰਜੇ ਮੁਤਾਬਕ ਉਸ ਨੇ ਆਪਣੇ ਕੰਮ ਨਾਲ ਇਮਾਨਦਾਰੀ ਵਰਤੀ ਹੈ। ਉਸ ਮੁਤਾਬਕ ਇਸ ਖ਼ੇਤਰ ‘ਚ ਟੀਮ ਦਾ ਹੋਣਾ ਬਹੁਤ ਲਾਜ਼ਮੀ ਹੈ। ਉਸ ਦੀ ਮਿਹਨਤ ਦੇ ਨਾਲ ਨਾਲ ਉਸ ਦਾ ਅਤੇ ਉਮੇਸ਼ ਦਾ ਆਪਸੀ ਤਾਲਮੇਲ ਹੀ ਸਫ਼ਲਤਾ ਦਾ ਵੱਡਾ ਕਾਰਨ ਬਣਿਆ। ਨਿੰਜੇ ਮੁਤਾਬਕ ਇਹ ਫ਼ਿਲਮ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇਗੀ। ਦਰਸ਼ਕਾਂ ਦੇ ਹੰਗਾਰੇ ਤੋਂ ਬਾਅਦ ਹੀ ਉਸ ਇਸ ਖ਼ੇਤਰ ‘ਚ ਆਪਣਾ ਅਗਲਾ ਫ਼ੈਸਲਾ ਲਵੇਗਾ। ਦਰਸ਼ਕਾਂ ਵਾਂਗ ਹੁਣ ਉਹ ਵੀ ਸਿਰਫ਼ 14 ਜੁਲਾਈ ਦਾ ਇੰਤਜ਼ਾਰ ਕਰ ਰਿਹਾ ਹੈ।  ਸਪਨ ਮਨਚੰਦਾ #Sapan Manchanda

Leave a Reply

Your email address will not be published. Required fields are marked *

ਸੁਪਰ ਸਿੰਘ :  “ਸਰਦਾਰ ਕੀ ਹਾਂਡੀ ਬਾਰ ਬਾਰ ਨਹੀਂ ਚੜਦੀ”

ਸੂਬੇਦਾਰ ਜੋਗਿੰਦਰ ਸਿੰਘ ‘ਤੇ ਬਣੇਗੀ ਫ਼ਿਲਮ, ਸਿਮਰਜੀਤ ਸਿੰਘ ਹੈ ਨਿਰਦੇਸ਼ਕ ਤੇ ਗਿੱਪੀ ਗਰੇਵਾਲ ਹੀਰੋ