ਪਿਛਲੇ ਦਿਨੀਂ ਬਠਿੰਡਾ ਵੱਲ ਦੇ ਇਕ ਸਾਬਕਾ ਗੈਂਗਸਟਰ ਨੇ ਇਕ ਟੀਵੀ ਇੰਟਰਵਿਊ ‘ਚ ਇਹ ਖੁਲਾਸਾ ਕੀਤਾ ਸੀ ਕਿ ਉਸ ਨੂੰ ਗੈਂਗਸਟਰ ਬਣਾਉਣ ‘ਚ ਸਿਆਸੀ ਆਗੂਆਂ ਦਾ ਵੱਡਾ ਹੱਥ ਸੀ। ਪੰਜਾਬ ਦੇ ਬਹੁਤੇ ਗੈਂਗਸਟਰਾਂ ਨੂੰ ਸਿਆਸੀ ਸ਼ਹਿ ਪ੍ਰਾਪਤ ਰਹੀ ਹੈ। ਜਦੋਂ ਜਦੋਂ ਵੀ ਇਹਨਾਂ ਗੈਂਗਸਟਰਾਂ ‘ਤੇ ਪੁਲਿਸ ਨੇ ਧਾਵਾ ਬੋਲਿਆ ਹੈ, ਇਸ਼ਾਰਾ ਹਮੇਸ਼ਾ ਇਨ•ਾਂ ਲੀਡਰਾਂ ਦਾ ਹੀ ਰਿਹਾ ਹੈ। ਉਕਤ ਗੈਂਗਸਟਰ ਨੇ ਸ਼ਰੇਆਮ ਕਿਹਾ ਸੀ ਕਿ ਪੰਜਾਬ ਦੇ ਇਕ ਸਾਬਕਾ ਵਜੀਰ ਦੇ ਕਹਿਣ ‘ਤੇ ਉਹਨਾਂ ਬਹੁਤ ਖੂਨ ਖਰਾਬਾ ਕੀਤਾ ਸੀ। ਬੂਥਾਂ ਦੇ ਕਬਜ਼ਿਆਂ ਤੋਂ ਲੈ ਕੇ ਵਿਰੋਧੀ ਆਗੂਆਂ ਦੇ ਬੰਦਿਆਂ ਦੀ ਕੁੱਟਮਾਰ ਲਈ ਹੀ ਸਿਆਸੀ ਘਾਗ ਲੋਕਲ ਗੁੰਡੇ ਪੈਦਾ ਕਰਦੇ ਹਨ, ਜਿਨ•ਾਂ ‘ਚੋਂ ਕਈ ਗੈਂਗਸਟਰ ਬਣ ਉੱਭਰਦੇ ਹਨ। ਇਹ ਸਾਰੇ ਵਰਤਾਰੇ ਨੂੰ ਅਮਰਦੀਪ ਸਿੰਘ ਗਿੱਲ ਨੇ ਆਪਣੀ ਫ਼ਿਲਮ ‘ਜ਼ੋਰਾ 10 ਨੰਬਰੀਆ’ ਵਿੱਚ ਪਰੋਇਆ ਹੈ। 1 ਸਤੰਬਰ ਨੂੰ ਰਿਲੀਜ਼ ਹੋ ਰਹੀ ਇਹ ਫ਼ਿਲਮ ਦਰਸਾਏਗੀ ਕਿ ”ਰਾਜਨੀਤੀ ਗੁੰਡਿਆਂ ਦੀ ਆਖਰੀ ਪਨਾਹ ਹੁੰਦੀ ਹੈ”। ਗੁੰਡਾਤੰਤਰ, ਪੁਲਿਸਤੰਤਰ ਤੇ ਸਿਆਸਤ ਦੇ ਆਪਸੀ ਮਿਲਗੋਭੇ ‘ਤੇ ਅਧਾਰਿਤ ਇਸ ਨੂੰ ਪੰਜਾਬੀ ਦੀ ਪਹਿਲੀ ਫ਼ਿਲਮ ਵੀ ਕਿਹਾ ਜਾ ਸਕਦਾ ਹੈ। ਇਹ ਫ਼ਿਲਮ ਨਿਰੋਲ ਰੂਪ ‘ਚ ਪੰਜਾਬ ਦਾ ਖ਼ਾਕਾ ਪੇਸ਼ ਕਰਦੀ ਹੈ। ਆਸ ਹੈ ਕਿ ਇਹ ਫ਼ਿਲਮ ਦਰਸ਼ਕਾਂ ਨੂੰ ਨਾਰਾਜ਼ ਨਹੀਂ ਕਰੇਗੀ। ਅੰਤਰਝਾਤ ਤੇ ਪੰਜਾਬ ਮੁਲਾਂਕਣ ਲਈ ਅਜਿਹੀਆਂ ਫ਼ਿਲਮਾਂ ਜ਼ਰੂਰੀ ਹਨ।


