ਅਗਲੇ ਸ਼ੁੱਕਰਵਾਰ ਯਾਨੀਕਿ 30 ਜੂਨ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਗ੍ਰੇਟ ਸਰਦਾਰ’ ਵਿੱਚ ਗਾਇਕ ਦਿਲਪ੍ਰੀਤ ਢਿੱਲੋਂ ਤੇ ਯੋਗਰਾਜ ਸਿੰਘ ਨਾਲ ਅਮਰਿੰਦਰ ਬਿਲਿੰਗ ਵੀ ਅਹਿਮ ਭੂਮਿਕਾ ਨਿਭਾਉਂਦਾ ਨਜ਼ਰ ਆਵੇਗਾ। ਨਿਰਮਾਤਾ ਅੰਮ੍ਰਿਤਜੀਤ ਸਿੰਘ ਸਰਾਂ ਤੇ ਨਿਰਦੇਸ਼ਕ ਰਣਜੀਤ ਬੱਲ ਦੀ ਇਸ ਫ਼ਿਲਮ ‘ਚ ਅਮਰਿੰਦਰ ਇਕ ਵੱਖਰੇ ਅੰਦਾਜ਼ ‘ਚ ਦਿਖਣ ਵਾਲਾ ਹੈ। ਛੋਟੀ ਉਮਰੇ ਫ਼ਿਲਮ ਖ਼ੇਤਰ ਨਾਲ ਜੁੜਿਆ ਅਮਰਿੰਦਰ ਇਕ ਕਾਬਲ ਅਦਾਕਾਰ ਦੇ ਨਾਲ ਨਾਲ ਸਫ਼ਲ ਕਾਰੋਬਾਰੀ ਵੀ ਹੈ। ਪੰਜਾਬ ‘ਚ ਪਹਿਲਾਂ ਸ਼ੂਟਿੰਗ ਸਟੂਡੀਓਂ ਖੋਲਣ ਦਾ ਸਿਹਰਾ ਵੀ ਅਮਰਿੰਦਰ ਸਿਰ ਹੀ ਬੱਝਦਾ ਹੈ। ਅਮਰਜੋਤੀ ਫ਼ਿਲਮ ਸਟੂਡੀਓ ਦੇ ਨਾਲ ਹੇਠ ਬਣੇ ਉਸ ਦੇ ਸ਼ੂਟਿੰਗ ਸਟੂਡੀਓ ‘ਚ ਹੁਣ ਤੱਕ ਸੈਂਕੜੇ ਗੀਤ ਤੇ ਦਰਜਨਾਂ ਫ਼ਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਹੈ। ‘ਗ੍ਰੇਟ ਸਰਦਾਰ’ ਤੋਂ ਪਹਿਲਾਂ ਕਰੀਬ ਚਾਰ ਫ਼ਿਲਮਾਂ ‘ਚ ਕੰਮ ਕਰ ਚੁੱਕਿਆ ਅਮਰਿੰਦਰ ਆਪਣੀ ਇਸ ਫ਼ਿਲਮ ‘ਗ੍ਰੇਟ ਸਰਦਾਰ’ ਬਾਰੇ ਦੱਸਦਾ ਹੈ ਕਿ ਉਹ ਇਸ ਫ਼ਿਲਮ ‘ਚ ਇਕ ਕਾਲਜ ਵਿਦਿਆਰਥੀ ਦਾ ਕਿਰਦਾਰ ਨਿਭਾ ਰਿਹਾ ਹੈ, ਜੋ ਕਾਲਜ ਦੀ ਵਿਦਿਆਰਥੀ ਯੂਨੀਅਨ ਦਾ ਪ੍ਰਧਾਨ ਵੀ ਹੈ। ਫ਼ਿਲਮ ਦਾ ਹੀਰੋ ਦਿਲਪ੍ਰੀਤ ਢਿੱਲੋਂ ਤੇ ਉਹ ਦੋਵੇਂ ਫ਼ਿਲਮ ‘ਚ ਦੋਸਤ ਹਨ। ਤਕਰਾਰਬਾਜ਼ੀ ਤੋਂ ਬਾਅਦ ਦੋਸਤ ਬਣੇ ਉਹ ਦੋਵੇਂ ਜਣੇ ਮਿਲ ਕੇ ਇਕ ਵੱਡੇ ਕਾਂਡ ਨੂੰ ਅੰਜ਼ਾਮ ਵੀ ਦਿੰਦੇ ਹਨ। ਤੇਜੀ ਸੰਧੂ ਦੀ ਲਿਖੀ ਇਹ ਫ਼ਿਲਮ ਸੱਚੀਆਂ ਘਟਨਾਵਾਂ ‘ਤੇ ਅਧਾਰਿਤ ਹੈ। ਫ਼ਿਲਮ ਜ਼ਰੀਏ ਸਿਆਸੀ ਲੀਡਰਾਂ ਦੀ ਡੇਰਿਆਂ ਨਾਲ ਸਾਂਝ ਦੇ ਪਾਜ ਉਧੇੜੇ ਜਾਣਗੇ।

ਅਮਰਿੰਦਰ ਦੱਸਦਾ ਹੈ ਕਿ ਇਸ ਫ਼ਿਲਮ ਜ਼ਰੀਏ ਉਸ ਨੂੰ ਇਕ ਵੱਖਰੀ ਪਹਿਚਾਣ ਮਿਲੇਗੀ। ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਉਸ ਨੇ ਜਸਪਾਲ ਭੱਟੀ ਦੇ ਐਕਟਿੰਗ ਸਕੂਲ ਤੋਂ ਬਕਾਇਦਾ ਅਦਾਕਾਰੀ ਸਿੱਖੀ ਹੈ। ਮਹਿਜ਼ 18 ਸਾਲਾਂ ਦੀ ਉਮਰ ‘ਚ ਇਸ ਖ਼ੇਤਰ ਨਾਲ ਜੁੜਿਆ ਇਸ ਫ਼ਿਲਮ ਤੋਂ ਬਾਅਦ ਪੰਜਾਬੀ ਫ਼ਿਲਮ ‘ਸਾਡੇ ਆਲੇ’ ਅਤੇ ‘ਆਖਰੀ ਵਾਰਿਸ’ ਵਿੱਚ ਨਜ਼ਰ ਆਵੇਗਾ। ਅਦਾਕਾਰ ਵਜੋਂ ਉਸ ਦੀ ਪਹਿਲੀ ਫ਼ਿਲਮ ਸਾਲ 2013 ‘ਚ ‘ਸਾਊ ਮੁੰਡੇ’ ਆਈ ਸੀ।
ਅਕਸ ਮਹਿਰਾਜ
9478884200


